ਵਿਸ਼ਵ ਲੇਪਰੋਸੀ ਇਰੈਡੀਕੇਸ਼ਨ ਪ੍ਰੋਗਰਾਮ ਦੇ ਤਹਿਤ ਸਿਵਲ ਸਰਜਨ ਡਾ ਬਲਵਿੰਦਰ ਕੁਮਾਰ ਡਮਾਣਾ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਲ੍ਹਾ ਲੇਪਰੋਸੀ ਅਫਸਰ ਡਾ ਰੋਬਿਨ ਦੀ ਅਗਵਾਈ ਹੇਠ ਅੱਜ ਜ਼ਿਲਾ ਹੁਸ਼ਿਆਰਪੁਰ ਦੇ ਕੁਸ਼ਟ ਆਸ਼ਰਮ ਵਿਖੇ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਮੌਕੇ ਡਾ ਸੌਰਵ ਸ਼ਰਮਾ, ਡਿਪਟੀ ਮਾਸ ਮੀਡੀਆ ਅਫਸਰ ਡਾ ਤ੍ਰਿਪਤਾ ਦੇਵੀ, ਡਿਪਟੀ ਮਾਸ ਮੀਡੀਆ ਅਫਸਰ ਰਮਨਦੀਪ ਕੌਰ ਵਿਸ਼ੇਸ਼ ਰੂਪ ਵਿਚ ਸ਼ਾਮਿਲ ਹੋਏ। ਕੈਂਪ ਦੌਰਾਨ ਕੁਸ਼ਟ ਆਸ਼ਰਮ ਦੇ ਬਾਸ਼ਿੰਦਿਆਂ ਨੂੰ ਸੇਫ ਮੈਡੀਸਿਨ ਕਿੱਟਸ ਵੀ ਵੰਡੀਆਂ ਗਈਆਂ।
ਕੁਸ਼ਟ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਡਾ ਰੋਬਿਨ ਨੇ ਕਿਹਾ ਕਿ ਕੁਸ਼ਟ ਰੋਗ ਦਾ ਇਲਾਜ ਪੂਰੀ ਤਰ੍ਹਾਂ ਨਾਲ ਸੰਭਵ ਹੈ। ਕੁਸ਼ਟ ਰੋਗ ਦੀ ਬਿਮਾਰੀ ਮਾਈਕਰੋ ਬੈਕਟੀਰਅਮ ਲੈਪਰੇ ਦੁਆਰਾ ਫੈਲਦੀ ਹੈ। ਜ਼ਿਕਰਯੋਗ ਹੈ ਕਿ ਲੋਕਾਂ ਵਿੱਚ ਗਲਤ ਧਾਰਣਾ ਹੈ ਕਿ ਕੁਸ਼ਟ ਰੋਗ ਪਾਪਾਂ ਦਾ ਫਲ ਹੈ ਪਰ ਇਹ ਪਾਪ ਨਹੀਂ ਇਕ ਛੂਤ ਦੀ ਬੀਮਾਰੀ ਹੈ ਜੋ ਕਿ ਡਰੋਪਲੈਟ ਇਨਫੈਕਸ਼ਨ ਦੁਆਰਾ ਖੰਗਣ ਜਾਂ ਛਿੱਕਣ ਨਾਲ ਇਕ ਵਿਅਕਤੀ ਤੋਂ ਦੂਜੇ ਵਿਅਕਤੀ ਨੂੰ ਲਗਦੀ ਹੈ ਅਤੇ ਕਿਸੇ ਵੀ ਉਮਰ ਵਿੱਚ ਹੋ ਸਕਦੀ ਹੈ। ਸਾਨੂੰ ਕਿਸੇ ਵੀ ਕੁਸ਼ਟ ਰੋਗ ਤੋਂ ਪੀੜਤ ਵਿਅਕਤੀ ਨਾਲ ਭੇਦਭਾਵ ਨਹੀਂ ਕਰਨਾ ਚਾਹੀਦਾ, ਬਲਕਿ ਉਸਦੀ ਹਰ ਤਰ੍ਹਾਂ ਨਾਲ ਮਦਦ ਕਰਨੀ ਚਾਹੀਦੀ ਹੈ।
ਡਾ ਸੌਰਵ ਸ਼ਰਮਾ ਨੇ ਕੁਸ਼ਟ ਰੋਗ ਦੇ ਲੱਛਣਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਚਮੜੀ ਦੇ ਉੱਪਰ ਹਲਕੇ ਪੀਲੇ ਤਾਂਬੇ ਰੰਗ ਦੇ ਜਾਂ ਲਾਲ ਰੰਗ ਦੇ ਸੁੰਨ ਨਿਸ਼ਾਨ ਕੁਸ਼ਟ ਰੋਗ ਦੀ ਨਿਸ਼ਾਨੀ ਹੁੰਦੀ ਹੈ। ਸੁੰਨਾਪਨ ਚਮੜੀ ਦੇ ਹੇਠਾਂ ਦੀਆਂ ਨਸਾਂ ਦੀ ਖਰਾਬੀ ਕਾਰਨ ਹੁੰਦਾ ਹੈ। ਇਸ ਬੀਮਾਰੀ ਕਾਰਨ ਨਸਾਂ ਮੋਟੀਆਂ ਅਤੇ ਸਖਤ ਹੋ ਜਾਂਦੀਆਂ ਹਨ। ਕੁਸ਼ਟ ਰੋਗ ਤੋਂ ਪ੍ਰਭਾਵਿਤ ਹਿੱਸੇ ‘ਤੇ ਮਰੀਜ਼ ਨੂੰ ਠੰਡੇ ਤੱਤੇ ਅਤੇ ਕਿਸੇ ਵੀ ਤਰ੍ਹਾਂ ਦੀ ਸੱਟ ਦਾ ਪਤਾ ਨਹੀਂ ਲੱਗਦਾ। ਮਾਸਪੇਸ਼ੀਆਂ ਕੰਮ ਕਰਨਾ ਬੰਦ ਕਰ ਦਿੰਦੀਆਂ ਹਨ ਜਿਸ ਕਾਰਣ ਸਰੀਰ ਦੇ ਅੰਗ ਮੁੜ ਜਾਂਦੇ ਹਨ ਤੇ ਸੁੰਨੇਪਣ ਕਾਰਣ ਕਈ ਵਾਰ ਇਹ ਅੰਗ ਸੱਟ ਲੱਗਣ ਤੇ ਸਰੀਰ ਤੋਂ ਝੜ ਜਾਂਦੇ ਹਨ। ਪਰ ਇਸ ਬੀਮਾਰੀ ਦਾ ਇਲਾਜ਼ ਸੰਭਵ ਹੈ ਤੇ ਸਰਕਾਰੀ ਹਸਪਤਾਲ ਵਿਚ ਬਿਲਕੁਲ ਮੁਫ਼ਤ ਕੀਤਾ ਜਾਂਦਾ ਹੈ।
ਡਾ ਤ੍ਰਿਪਤਾ ਦੇਵੀ ਨੇ ਆਖਿਆ ਕਿ ਬਹੁ ਔਸ਼ਧੀ ਇਲਾਜ ਭਾਵ ਐਮ.ਡੀ.ਟੀ. ਕੁਸ਼ਟ ਰੌਗ ਦਾ 100 ਫੀਸਦੀ ਇਲਾਜ਼ ਹੈ। ਦਾਗਾਂ ਦੀ ਗਿਣਤੀ ਦੇ ਆਧਾਰ ਤੇ ਕੁਸ਼ਟ ਰੋਗ ਨੂੰ ਘੱਟ ਜਿਰਮੀ ਜਾਂ ਬਹੁ ਜਿਰਮੀ ਕੁਸ਼ਟ ਰੋਗ ਵਿੱਚ ਵੰਡਿਆ ਜਾਂਦਾ ਹੈ। ਉਹਨਾਂ ਕਿਹਾ ਕਿ ਕੁਸ਼ਟ ਰੋਗ ਦੀ ਵੱਡੀ ਲਾਹਣਤ ਸਰੀਰ ਦੀ ਕਰੂਪਤਾ ਜਾਂ ਅੰਗਹੀਣਤਾ ਹੈ। ਅੰਗਹੀਣਤਾ ਤੋਂ ਬੱਚਣ ਲਈ ਸ਼ਰੀਰ ਤੇ ਤੇਲ ਤੇ ਪਾਣੀ ਦੀ ਮਾਲਿਸ਼ ਚਮੜੀ ਨੂੰ ਖੁਸ਼ਕ ਹੋਣ ਤੋਂ ਬਚਾਉਦੀ ਹੈ। ਹੱਥਾਂ ਤੇ ਪੈਰਾਂ ਨੂੰ ਅੱਧੇ ਘੰਟੇ ਲਈ ਪਾਣੀ ਵਿੱਚ ਡੋਬ ਕੇ ਰੱਖਣਾ ਚਾਹੀਦਾ ਹੈ। ਕਮਜੋਰ ਪਏ ਹਿੱਸੇ ਦੀਆਂ ਰੋਜ਼ਾਨਾ ਦੱਸੀਆਂ ਗਈਆਂ ਸੁਪੋਰਟਿਵ ਐਕਸਰਸਾਈਜ਼ ਕਰਨੀਆਂ ਚਾਹੀਦੀਆਂ ਹਨ। ਜੇਕਰ ਕਿਸੇ ਵੀ ਮਰੀਜ਼ ਦੀ ਚਮੜੀ ਉੱਪਰ ਇਸ ਤਰ੍ਹਾਂ ਦਾ ਨਿਸ਼ਾਨ ਦਿਖਾਈ ਦੇਵੇ ਜੋ ਸੁੰਨ ਹੋਵੇ ਅਤੇ ਠੀਕ ਨਾ ਹੋ ਰਿਹਾ ਹੋਵੇ ਤਾਂ ਤੁਰੰਤ ਇਸਦੀ ਜਾਂਚ ਕਰਵਾਉਣੀ ਚਾਹੀਦੀ ਹੈ।
ਸ਼੍ਰੀਮਤੀ ਰਮਨਦੀਪ ਕੌਰ ਨੇ ਕਿਹਾ ਕਿ ਕੁਸ਼ਟ ਰੋਗ ਦੀ ਬੀਮਾਰੀ ਦਾ ਜਲਦੀ ਪਤਾ ਲੱਗ ਜਾਣ ‘ਤੇ ਅਤੇ ਐਮ.ਡੀ.ਟੀ ਦਾ ਬਿਨਾ ਨਾਗਾ ਪੂਰਾ ਕੋਰਸ ਕਰਨ ‘ਤੇ ਕੁਸ਼ਟ ਰੋਗ ਪੂਰੀ ਤਰ੍ਹਾਂ ਠੀਕ ਹੋ ਜਾਂਦਾ ਹੈ ਅਤੇ ਜਲਦੀ ਇਲਾਜ ਕਰਵਾਉਣ ਤੇ ਅੰਗਹੀਣਤਾ ਤੋਂ ਵੀ ਬਚਿਆ ਜਾ ਸਕਦਾ ਹੈ। ਐਮ.ਡੀ.ਟੀ. ਰਾਹੀਂ ਇਲਾਜ ਸਰਕਾਰ ਵੱਲੋਂ ਹਰ ਸਿਹਤ ਕੇਂਦਰ ਤੇ ਮੁਫ਼ਤ ਕੀਤਾ ਜਾਂਦਾ ਹੈ।