ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵੱਲੋਂ ਮੁਹੱਲਾ ਈਸ਼ ਨਗਰ, ਹੁਸ਼ਿਆਰਪੁਰ ਵਿਖੇ ਚਲਾਇਆ ਜਾ ਰਿਹਾ ‘ਸਾਂਝੀ ਰਸੋਈ’ ਪ੍ਰੋਜੈਕਟ ਡਿਪਟੀ ਕਮਿਸ਼ਨਰ-ਕਮ-ਪ੍ਰਧਾਨ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਕੋਮਲ ਮਿੱਤਲ ਦੀ ਰਹਿਨੁਮਾਈ ਅਤੇ ਯੋਗ ਅਗਵਾਈ ਹੇਠ ਬਹੁਤ ਹੀ ਸਫਲਤਾ ਪੂਰਵਕ ਚੱਲ ਰਿਹਾ ਹੈ, ਜਿਸ ਦਾ ਰੋਜ਼ਾਨਾ 400 ਤੋਂ 500 ਗਰੀਬ/ਲੋੜਵੰਦ/ਬੇਘਰੇ ਵਿਅਕਤੀ ਲਾਭ ਪ੍ਰਾਪਤ ਕਰ ਰਹੇ ਹਨ। ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦੇ ਸਕੱਤਰ ਮੰਗੇਸ਼ ਸੂਦ ਨੇ ਦੱਸਿਆ ਕਿ ਇਸ ਪ੍ਰੋਜੈਕਟ ਦੀ ਸਫਲਤਾ ਲਈ ਮਾਸਟਰ ਅਭਿਰਾਜ ਸਿੰਘ ਰਾਣਾ ਪੁੱਤਰ ਅਦਿੱਤਿਆ ਰਾਣਾ, ਕਾਊਂਸਲਰ ਜ਼ਿਲ੍ਹਾ ਰੁਜ਼ਗਾਰ ਬਿਊਰੋ, ਹੁਸ਼ਿਆਰਪੁਰ ਵੱਲੋਂ ਆਪਣੇ ਨਾਨਾ ਜੀ ਦੀ 23ਵੀਂ ਬਰਸੀ ਮੌਕੇ ਸਾਂਝੀ ਰਸੋਈ ਨੂੰ 5100 ਰੁਪਏ ਦੀ ਰਕਮ ਆਪਣੀ ਪਾਕੇਟ ਮਨੀ ਵਿਚੋਂ ਦਾਨ ਵਜੋਂ ਮੁਹੱਈਆ ਕਰਵਾਈ ਗਈ ਹੈ।
ਸਕੱਤਰ ਮੰਗੇਸ਼ ਸੂਦ ਨੇ ਦੱਸਿਆ ਕਿ ਜ਼ਿਲ੍ਹਾ ਰੈੱਡ ਕਰਾਸ ਵੱਲੋਂ ਚਲਾਇਆ ਜਾ ਰਿਹਾ ਇਹ ਪ੍ਰੋਜੈਕਟ ਜ਼ਿਲ੍ਹੇ ਦੇ ਦਾਨੀ ਸੱਜਣਾਂ/ਸਮਾਜ ਸੇਵਕਾਂ ਵਲੋਂ ਦਾਨ ਵਜੋਂ ਮੁਹੱਈਆ ਕੀਤੇ ਜਾ ਰਹੇ ਫੰਡਾਂ ਦੁਆਰਾ ਹੀ ਚਲਾਇਆ ਜਾ ਰਿਹਾ ਹੈ। ਜਿਨ੍ਹਾਂ ਵਲੋਂ ਜਿਥੇ “ਬੁੱਕ-ਏ-ਡੇਅ” ਸਕੀਮ ਅਧੀਨ ਆਪਣੇ ਪਰਿਵਾਰਕ ਮੈਂਬਰਾਂ ਦੇ ਜਨਮ ਦਿਨ, ਵਿਆਹ ਵਰੇ੍ਹਗੰਢ ਅਤੇ ਯਾਦਾਂ ਨਾਲ ਸਬੰਧਤ ਦਿਨ ਸਾਂਝੀ ਰਸੋਈ, ਹੁਸ਼ਿਆਰਪੁਰ ਵਿਖੇ ਮਨਾ ਕੇ ਲਗਾਤਾਰ ਵਿੱਤੀ ਸਹਾਇਤਾ ਮੁਹੱਈਆ ਕਰਨ ਦੇ ਨਾਲ ਰਾਸ਼ਨ ਸਮੱਗਰੀ ਦੀ ਸਹਾਇਤਾ ਵੀ ਮੁੱਹਈਆ ਕੀਤੀ ਜਾ ਰਹੀ ਹੈ। ਉਨ੍ਹਾਂ ਇਸ ਪ੍ਰੋਜੈਕਟ ਨੂੰ ਲਗਾਤਾਰ ਚਾਲੂ ਰੱਖਣ ਲਈ ਜ਼ਿਲ੍ਹਾ ਹੁਸ਼ਿਆਰਪੁਰ ਦੇ ਦਾਨੀ ਸੱਜਣਾਂ/ਸਮਾਜ ਸੇਵਕਾਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਇਸ ਪ੍ਰੋਜੈਕਟ ਦੀ ਸਫਲਤਾ ਲਈ ਉਹ ਆਪਣਾ ਵੱਡਮੁੱਲਾ ਸਹਿਯੋਗ ਦੇਣ।