ਡਾਇਰੈਕਟਰ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਤੇ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਵੱਲੋ ਜਾਰੀ ਆਦੇਸ਼ਾਂ ਦੀ ਪਾਲਣਾ ਕਰਦੇ ਹੋਏ ਸਵੱਛਤਾ ਹੀ ਸੇਵਾ ਪ੍ਰੋਗਰਾਮ ਤਹਿਤ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਅਤੇ ਹੁਸ਼ਿਆਰਪੁਰ ਦੀ ਪ੍ਰਮੁੱਖ ਸਮਾਜ ਸੇਵੀ ਸੰਸਥਾ ਸਵੱਛਤਾ ਬਿੰਨ ਸੇਵਾ ਧਰਮ ਵੈਲਫੇਅਰ ਸੋਸਾਇਟੀ ਵੱਲੋਂ ਗਾਂਧੀ ਜਯੰਤੀ ਸਬੰਧੀ ਸਾਂਝੇ ਤੌਰ ’ਤੇ ਸਵੱਛਤਾ ਮਾਰਚ ਸ਼ਹੀਦ ਭਗਤ ਸਿੰਘ ਚੌਕ ਹੁਸ਼ਿਆਰਪੁਰ ਤੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਹੁਸ਼ਿਆਰਪੁਰ ਤੱਕ ਕੱਢਿਆ ਗਿਆ। ਇਸ ਮੌਕੇ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਦੇ ਸਟਾਫ ਅਤੇ ਸੰਸਥਾ ਦੇ ਮੈਂਬਰਾਂ ਵੱਲੋਂ ਆਮ ਜਨਤਾ ਨੂੰ ਆਪਣਾ ਆਲਾ-ਦੁਆਲਾ ਸਾਫ-ਸੁਥਰਾ ਰੱਖਣ ਅਤੇ ਪਲਾਸਟਿਕ ਸਬੰਧੀ ਚੀਜ਼ਾਂ ਦੀ ਵਰਤੋਂ ਤੋਂ ਗੁਰੇਜ਼ ਕਰਨ ਦਾ ਸੁਨੇਹਾ ਦਿੱਤਾ ਗਿਆ। ਇਸ ਮੌਕੇ ਸੰਸਥਾਂ ਦੇ ਮੈਂਬਰਾਂ ਅਤੇ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਦੇ ਸਟਾਫ ਵੱਲੋ ਸ਼ਹੀਦ ਭਗਤ ਸਿੰਘ ਚੌਕ ਵਿੱਚ ਸਾਫ-ਸਫਾਈ ਵੀ ਕੀਤੀ ਗਈ। ਇਸ ਮੌਕੇ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਹਰਪ੍ਰੀਤ ਕੌਰ ਨੇ ਦੱਸਿਆ ਕਿ ਸਾਨੂੰ ਸੱਭ ਨੂੰ ਆਪਣੀ ਜਿੰਮੇਵਾਰੀ ਸਮਝਦੇ ਹੋਏ ਆਪਣਾ ਆਲਾ-ਦੁਆਲਾ ਸਾਫ-ਸੁਥਰਾ ਰੱਖਣਾ ਚਾਹੀਦਾ ਹੈ ਅਤੇ ਇਸ ਸੰਸਥਾ ਵੱਲੋ ਲਗਾਤਾਰ ਹੁਸ਼ਿਆਰਪੁਰ ਵਿੱਚ ਪ੍ਰਮੱਖ ਸਥਾਨਾਂ ’ਤੇ ਸਾਫ-ਸਫਾਈ ਅਤੇ ਕੰਪੋਸਟ ਖਾਦ ਬਣਾਉਣ ਵਾਲੇ ਕੰਨਟੇਨਰ ਲਗਾਉਣ ਦਾ ਅਭਿਆਨ ਸ਼ੁਰੂ ਕੀਤਾ ਗਿਆ ਹੈ। ਇਸ ਤੋਂ ਇਲਾਵਾ ਇਸ ਮੌਕੇ ਵਿਭਾਗ ਵੱਲੋਂ ਲੋੜਵੰਦ ਬੱਚਿਆਂ ਦੇ ਲਈ ਚਲਾਏ ਜਾ ਰਹੇ ਹੋਮਾਂ ਚਿਲਡਰਨ ਹੋਮ, ਸ਼ਪੈਸਲ ਹੋਮ ਅਤੇ ਅਬਜ਼ਰਵੇਸ਼ਨ ਹੋਮ ਵਿੱਚ ਹੋਮਾਂ ਦੇ ਸਹਿਵਾਸੀ ਬੱਚਿਆਂ ਦੁਆਰਾ ਸਫਾਈ ਅਭਿਆਨ ਚਲਾਇਆ ਗਿਆ ਜਿਸ ਦੌਰਾਨ ਬੱਚਿਆਂ ਵੱਲੋ ਸੰਸਥਾਂ ਦੀ ਸਾਫ-ਸਫਾਈ, ਫੁੱਲ-ਬੂਟਿਆਂ ਦੀ ਸਾਂਭ ਸੰਭਾਲ ਅਤੇ ਨਿੱਜੀ ਸਾਫ-ਸਫਾਈ ਦੀਆਂ ਗਤੀਵਿਧੀਆਂ ਕੀਤੀਆਂ ਗਈਆਂ।