ਬਜ਼ੁਰਗਾਂ ਦੀ ਸਿਹਤ-ਸੰਭਾਲ ਸੰਬਧੀ ਅੰਤਰਰਾਸ਼ਟਰੀ ਬਿਰਧ ਹਫਤੇ ਸੰਬਧੀ ਲਗਾਇਆ ਜ਼ਿਲਾ ਪੱਧਰੀ ਕੈਂਪ

ਬਜੁਰਗਾਂ ਦੀ ਸਿਹਤ-ਸੰਭਾਲ ਸੰਬੰਧੀ ਅੰਤਰਰਾਸ਼ਟਰੀ ਬਿਰਧ ਹਫਤੇ ਨੂੰ ਸਮਰਪਿਤ ਜਿਲ੍ਹਾ ਪੱਧਰੀ ਕੈਂਪ ਸਿਵਲ ਸਰਜਨ ਡਾ. ਬਲਵਿੰਦਰ ਕੁਮਾਰ ਡਮਾਣਾ ਜੀ ਦੀ ਪ੍ਰਧਾਨਗੀ ਅਤੇ ਜਿਲਾ ਪਰਿਵਾਰ ਭਲਾਈ ਅਫਸਰ ਡਾ.ਅਨੀਤਾ ਕਟਾਰੀਆ ਦੀ ਅਗਵਾਈ ਹੇਠਾਂ ਮਾਸ ਮੀਡੀਆ ਵਿੰਗ ਵਲੋਂ ਓਲਡ ਏਜ਼ ਹੋਮ ਰਾਮ ਕਲੋਨੀ ਕੈਂਪ ਵਿਖੇ ਲਗਾਇਆ ਗਿਆ। ਕੈਂਪ ਦੌਰਾਨ ਬਜ਼ੁਰਗਾਂ ਦੀ ਸਿਹਤ ਬਾਰੇ ਜਾਣਕਾਰੀ ਸਾਂਝੀ ਕਰਕੇ ਉਨ੍ਹਾਂ ਨੂੰ ਸਿਹਤ ਵਿਭਾਗ ਵੱਲੋਂ  ਫਲ ਵੰਡੇ ਗਏ ਅਤੇ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ ਉਨ੍ਹਾਂ ਦਾ ਹੈਲਥ ਚੈਕਅੱਪ ਕੀਤਾ ਗਿਆ। 

ਇਸ ਦੌਰਾਨ ਸੀਜੇਐਮ ਕਮ ਸੈਕਟਰੀ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ਼੍ਰੀਮਤੀ ਅਪਰਾਜਿਤਾ ਜੋਸ਼ੀ ਵੱਲੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਗਈ ਅਤੇ ਬਜ਼ੁਰਗਾਂ ਨਾਲ ਉਨ੍ਹਾਂ ਦੀਆਂ ਸਮੱਸਿਆਵਾਂ ਸਾਂਝੀਆਂ ਕਰਦੇ ਹੋਏ ਬਜ਼ੁਰਗਾਂ ਦੇ ਕਾਨੂੰਨੀ ਅਧਿਕਾਰਾਂ ਬਾਰੇ ਜਾਣੂ ਕਰਵਾਇਆ ਗਿਆ। ਇਸਦੇ ਨਾਲ ਹੀ ਉਨ੍ਹਾਂ ਨੂੰ ਮਿਲਣ ਵਾਲੀਆਂ ਮੁਫਤ ਕਾਨੂੰਨੀ ਸੇਵਾਵਾਂ ਬਾਰੇ ਵੀ ਦੱਸਿਆ।

ਇਸ ਅਵਸਰ ਤੇ ਸਿਵਲ ਸਰਜਨ ਡਾ. ਬਲਵਿੰਦਰ ਕੁਮਾਰ ਨੇ ਕਿਹਾ ਕਿ ਵਿਸ਼ਵ ਵਿੱਚ ਬਜ਼ੁਰਗਾਂ ਪ੍ਰਤੀ ਦੁਰਵਿਵਹਾਰ ਅਤੇ ਬੇਇਨਸਾਫ਼ੀ ਨੂੰ ਖਤਮ ਕਰਨ ਅਤੇ ਲੋਕਾਂ ਵਿੱਚ ਜਾਗਰੂਕਤਾ ਫੈਲਾਉਣ ਲਈ ਹਰ ਸਾਲ 1 ਅਕਤੂਬਰ ਨੂੰ ‘ਅੰਤਰਰਾਸ਼ਟਰੀ ਬਜ਼ੁਰਗ ਦਿਵਸ’ ਵਜੋਂ ਮਨਾਇਆ ਜਾਂਦਾ ਹੈ। ਬਚਪਨ ਤੋਂ ਹੀ ਸਾਨੂੰ ਆਪਣੇ ਘਰਾਂ ਵਿੱਚ ਇਹ ਸਿੱਖਿਆ ਦਿੱਤੀ ਜਾਂਦੀ ਹੈ ਕਿ ਸਾਨੂੰ ਆਪਣੇ ਬਜ਼ੁਰਗਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਬਜ਼ੁਰਗ ਸਾਡੇ ਘਰ ਦੀ ਨੀਂਹ ਹੁੰਦੇ ਹਨ, ਸਾਨੂੰ ਬਜ਼ੁਰਗਾਂ ਦਾ ਆਸ਼ੀਰਵਾਦ ਬਹੁਤ ਕਿਸਮਤ ਨਾਲ ਮਿਲਦਾ ਹੈ, ਇਸ ਲਈ ਹਰ ਕਿਸੇ ਨੂੰ ਆਪਣੇ ਵੱਡੇ ਤੇ ਬਜ਼ੁਰਗਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਡਾ ਡਮਾਣਾ ਨੇ ਸਾਰੇ ਬਜ਼ੁਰਗਾਂ ਦੀ ਤੰਦਰੁਸਤੀ ਦੀ ਕਾਮਨਾ ਕਰਦੇ ਹੋਏ ਉਨਾਂ ਨੂੰ ਸਿਹਤ ਵਿਭਾਗ ਵੱਲੋਂ ਆਈ ਡਾਕਟਰਾਂ ਦੀ ਟੀਮ ਨਾਲ ਆਪਣੀਆਂ ਸਿਹਤ ਸਮੱਸਿਆਵਾਂ ਸਾਂਝੀਆਂ ਕਰਕੇ ਮੁਫਤ ਜਾਂਚ ਅਤੇ ਇਲਾਜ ਕਰਵਾਉਣ ਲਈ ਕਿਹਾ। 

ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ ਅਨੀਤਾ ਕਟਾਰੀਆ ਨੇ ਕਿਹਾ ਕਿ ਸਰਕਾਰ ਵਲੋਂ ਮਿਤੀ 1 ਅਕਤੂਬਰ ਤੋ 7 ਅਕਤੂਬਰ ਤੱਕ ਪੂਰੇ ਜਿਲ੍ਹੇ ਭਰ ਵਿੱਚ ਬਜੁਰਗਾਂ ਦੀ ਸਿਹਤ ਸੰਭਾਲ ਲਈ ਕੈਂਪ ਲਗਾਏ ਜਾ ਰਹੇ ਹਨ। ਇਹਨਾਂ ਕੈਂਪਾਂ ਦੌਰਾਨ ਮੁਫਤ ਚੈਕ-ਅੱਪ, ਟੈਸਟ ਅਤੇ ਦਵਾਈਆਂ ਤੋਂ ਇਲਾਵਾ ਗੈਰ ਸੰਚਾਰੀ ਰੋਗ ਜਿਵੇਂ ਕੈਂਸਰ, ਸ਼ੂਗਰ, ਹਾਈਪਰਟੇਸ਼ਨ, ਗੁਰਦੇ ਦੀਆਂ ਬੀਮਾਰੀਆਂ, ਸਾਹ ਦੀਆਂ ਬੀਮਾਰੀਆਂ ਆਦਿ ਬਾਰੇ ਜਾਗਰੂਕ ਵੀ ਕੀਤਾ ਜਾ ਰਿਹਾ ਹੈ। 

ਕੈਂਪ ਦੌਰਾਨ ਡਿਪਟੀ ਮਾਸ ਮੀਡੀਆ ਅਫਸਰ ਡਾ ਤ੍ਰਿਪਤਾ ਦੇਵੀ, ਡਿਪਟੀ ਮਾਸ ਮੀਡੀਆ ਅਫਸਰ ਰਮਨਦੀਪ ਕੌਰ, ਸ਼੍ਰੀ ਉਮੇਸ਼ ਮਲਿਕ ਅਤੇ ਸੁਪਰਡੈਂਟ ਨਰੇਸ਼ ਮੌਜੂਦ ਰਹੇ। ਮਾਹਿਰ ਡਾਕਟਰਾਂ ਦੀ ਟੀਮ ਵਿੱਚ ਮੈਡੀਕਲ ਸਪੈਸ਼ਲਿਸਟ ਡਾ ਅਮਨਦੀਪ, ਸਰਜੀਕਲ ਸਪੈਸ਼ਲਿਸਟ ਡਾ ਹਰਪ੍ਰੀਤ ਸਿੰਘ, ਈਐਨਟੀ ਮਾਹਿਰ ਡਾ ਕਮਲੇਸ਼, ਫਿਜੀਓ ਥੈਰੇਪਿਸਟ ਅਮਰਜੀਤ ਧਨੋਆ ਅਤੇ ਫਾਰਮੇਸੀ ਅਫਸਰ ਅਮ੍ਰਿਤਾ ਤੇ ਬਲਕਾਰ ਸ਼ਾਮਿਲ ਹੋਏ।

Leave a Reply

Your email address will not be published. Required fields are marked *