ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦੁਆਰਾ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਹੜ੍ਹ ਪੀੜਤ ਇਲਾਕਿਆ ਵਿੱਚ ਸਮਾਜ ਸੇਵੀ ਸੰਸਥਾਵਾ ਦੇ ਸਹਿਯੋਗ ਨਾਲ ਰਾਹਤ ਸਮੱਗਰੀ ਉਪਲਬੱਧ ਕਰਵਾਈ ਜਾ ਰਹੀ ਹੈ। ਇਸ ਦੀ ਲਗਾਤਾਰਤਾ ਵਿੱਚ ਜੀ.ਐਨ.ਏ ਯੂਨੀਵਰਸਿਟੀ, ਫਗਵਾੜਾ ਦੁਆਰਾ ਵੱਡਮੁੱਲਾ ਯੋਗਦਾਨ ਦਿੱਤਾ ਗਿਆ ਹੈ। ਡਿਪਟੀ ਕਮਿਸ਼ਨਰ ਅਤੇ ਪ੍ਰਧਾਨ ਜ਼ਿਲਾ ਰੈੱਡ ਕਰਾਸ ਸੁਸਾਇਟੀ, ਹੁਸ਼ਿਆਰਪੁਰ ਨੂੰ ਜੀ.ਐਨ.ਏ ਯੂਨੀਵਰਸਿਟੀ ਫਗਵਾੜਾ ਦੁਆਰਾ ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਮੁਹੱਈਆ ਕਰਵਾਈ ਗਈ ਹੈ, ਜਿਸ ਵਿੱਚ ਇਕ ਵੱਡੀ ਫੋਗਿੰਗ ਮਸ਼ੀਨ, 100 ਗੱਦੇ, 100 ਮੱਛਰਦਾਨੀਆਂ, 125 ਰਾਸ਼ਨ ਦੀਆਂ ਕਿੱਟਾਂ, ਜਿਸ ਦੀ ਹਰੇਕ ਕਿੱਟ ਵਿੱਚ ਇੱਕ ਪੂਰੇ ਪਰਿਵਾਰ ਦਾ ਇੱਕ ਮਹੀਨੇ ਦਾ ਰਾਸ਼ਨ ਹੈ, ਉਪਲਬੱਧ ਕਰਵਾਇਆ ਗਿਆ ਹੈ। ਇਸ ਤੋਂ ਇਲਾਵਾ ਜੀ.ਐਨ.ਏ ਯੂਨੀਵਰਸਿਟੀ ਵੱਲੋਂ ਸਰਕਾਰੀ ਸਕੂਲਾਂ ਵਿੱਚ ਪੜ੍ਹਨ ਵਾਲੇ ਵਿਦਿਆਰਥੀਆਂ ਲਈ 100 ਸਕੂਲ ਬੈੱਗ, ਪੀਣ ਵਾਲੇ ਪਾਣੀ ਦੀਆਂ ਬੋਤਲਾਂ, ਲੰਚ ਬਾਕਸ, ਕਾਪੀਆ, ਜਿਉਮੈਟਰੀ ਬਾਕਸ, ਕਲਰਸ, ਡਰਾਇੰਗ ਬੁੱਕ ਆਦਿ ਦੇ ਕੇ ਬੱਚਿਆਂ ਦਾ ਉਤਸ਼ਾਹ ਵਧਾਇਆ ਗਿਆ ਹੈ।
ਸਕੱਤਰ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਮੰਗੇਸ਼ ਸੂਦ ਨੇ ਜੀ.ਐਨ.ਏ ਯੂਨੀਵਰਸਿਟੀ ਫਗਵਾੜਾ ਦੀ ਪੂਰੀ ਮੈਨੇਜਮੈਂਟ, ਸਮੂਹ ਸਟਾਫ ਅਤੇ ਵਿਦਿਆਰਥੀਆਂ ਦਾ ਇਸ ਔਖੀ ਘੜੀ ਵਿੱਚ ਕੀਤੇ ਗਏ ਸਹਿਯੋਗ ਲਈ ਦਿਲੋਂ ਧੰਨਵਾਦ ਕੀਤਾ ਅਤੇ ਇਸ ਦੇ ਨਾਲ ਹੀ ਦਾਨੀ ਸੱਜਣਾਂ ਅਤੇ ਸਮਾਜ ਸੇਵਕਾਂ ਨੂੰ ਪੂਰਜ਼ੋਰ ਅਪੀਲ ਕੀਤੀ ਕਿ ਹੜ੍ਹ ਪੀੜਤਾਂ ਦੀ ਸਹਾਇਤਾ ਹਿੱਤ ਉਹ ਆਪਣਾ ਵੱਡਮੁੱਲਾ ਸਹਿਯੋਗ ਦੇਣ।