ਡਿਪਟੀ ਕਮਿਸ਼ਨਰ ਅਤੇ ਪ੍ਰਧਾਨ ਜਿਲ੍ਹਾ ਰੈੱਡ ਕਰਾਸ ਸੁਸਾਇਟੀ ਕੋਮਲ ਮਿੱਤਲ ਦੀ ਅਗਵਾਈ ਹੇਠ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਹੁਸ਼ਿਆਰਪੁਰ ਦੀ ਸਮੁੱਚੀ ਟੀਮ ਵੱਲੋਂ ਲਗਾਤਾਰ ਹੜ੍ਹ ਪੀੜਤਾਂ ਨਾਲ ਮੁਲਾਕਾਤ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਅਨੁਸਾਰ ਹੀ ਲੋੜੀਂਦਾ ਸਾਮਾਨ ਮੁਹੱਈਆ ਕਰਵਾਇਆ ਜਾ ਰਿਹਾ ਹੈ। ਹੜ ਪੀੜਤਾਂ ਦੀਆਂ ਲੋੜਾਂ ਨੂੰ ਧਿਆਨ ਵਿਚ ਰੱਖਦਿਆਂ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵੱਲੋਂ ਅੱਜ ਰਾਹਤ ਸਮੱਗਰੀ ਦੀ ਚੌਥੀ ਗੱਡੀ ਰਵਾਨਾ ਕੀਤੀ ਗਈ, ਜਿਸ ਨੂੰ ਸੁਸਾਇਟੀ ਦੇ ਸਕੱਤਰ ਮੰਗੇਸ਼ ਸੂਦ ਦੁਆਰਾ ਹਰੀ ਝੰਡੀ ਦਿੱਤੀ ਗਈ। ਉਨ੍ਹਾਂ ਵੱਲੋਂ ਪਿੰਡ ਮਿਆਣੀ ਵਿਚ ਪੀੜਤਾਂ ਨੂੰ ਬਰੈੱਡ, ਜੈਮ, ਪਾਣੀ ਦੀਆਂ ਬੋਤਲਾਂ, ਦੁੱਧ, ਹਾਈਜੀਨ ਕਿੱਟਾਂ, ਮੁਰੱਬਾ, ਸੈਨੇਟਰੀ ਪੈਡ ਅਤੇ ਪਿੰਡ ਮਹਿਤਾਬਪੁਰ ਵਿਚ ਗੱਦੇ, ਬਰੈੱਡ, ਜੈਮ, ਤੇਲ ਆਦਿ ਜ਼ਰੂਰਤ ਦੀਆਂ ਵਸਤਾਂ ਮੁਹੱਈਆ ਕਰਵਾਈਆ ਗਈਆਂ।
ਸਕੱਤਰ ਮੰਗੇਸ਼ ਸੂਦ ਨੇ ਦੱਸਿਆ ਕਿ ਇਸ ਔਖੀ ਘੜੀ ਵਿਚ ਸਾਨੂੰ ਬਹੁਤ ਸਾਰੇ ਦੋਸਤਾਂ ਅਤੇ ਸਮਰਥਕਾਂ ਤੋਂ ਹੜ੍ਹ ਪੀੜਤਾਂ ਦੀ ਮਦਦ ਹਿੱਤ ਈਮੇਲ, ਫੋਨ ਅਤੇ ਟੈਕਸਟ ਸੁਨੇਹੇ ਪ੍ਰਾਪਤ ਹੋਏ ਹਨ। ਉਨ੍ਹਾਂ ਦਾਨੀ-ਸੱਜਣਾਂ ਦਾ ਦਿਲੋਂ ਸ਼ੁਕਰੀਆ ਕਰਦਿਆਂ ਅਪੀਲ ਕੀਤੀ ਕਿ ਇਸ ਚੁਨੌਤੀਪੂਰਨ ਸਮੇਂ ਵਿਚ ਸਮੂਹ ਨਾਗਰਿਕ ਮਦਦ ਲਈ ਅੱਗੇ ਆਉਣ, ਤਾਂ ਜੋ ਹੜ੍ਹ ਪੀੜਤ ਆਪਣੇ ਰੋਜ਼ਮੱਰਾ ਦੇ ਕੰਮਾਂ ਨੂੰ ਮੁੜ ਸ਼ੁਰੂ ਕਰ ਸਕਣ। ਉਨ੍ਹਾਂ ਦੱਸਿਆ ਕਿ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ 98153-76340 ਜਾਂ 88727-33930 ਨੰਬਰਾਂ ’ਤੇ ਸੰਪਰਕ ਕੀਤਾ ਜਾ ਸਕਦਾ ਹੈ।