
ਡਿਪਟੀ ਕਮਿਸ਼ਨਰ ਕੋਮਲ ਮਿੱਤਲ ਦੀ ਅਗਵਾਈ ਹੇਠ ਰੈੱਡ ਕਰਾਸ ਹੁਸ਼ਿਆਰਪੁਰ ਨੇ ਮੌਜੂਦਾ ਹੜ੍ਹਾਂ ਦੀ ਗੰਭੀਰਤਾ ਨੂੰ ਦੇਖਦਿਆਂ ਪੀੜਤਾਂ ਨੂੰ ਲੋੜੀਂਦੀ ਸਹਾਇਤਾ ਪ੍ਰਦਾਨ ਕਰਨ ਦਾ ਬੀੜਾ ਚੁੱਕਿਆ ਹੈ ਅਤੇ ਇਸ ਮੰਤਵ ਦੀ ਪ੍ਰਾਪਤੀ ਲਈ ਰੈੱਡ ਕਰਾਸ ਨੂੰ ਲਗਾਤਾਰ ਨਾਗਰਿਕਾਂ ਦਾ ਸਹਿਯੋਗ ਪ੍ਰਾਪਤ ਹੋ ਰਿਹਾ ਹੈ।
ਇਸੇ ਤਹਿਤ ਰਾਕੇਸ਼ ਚੋਪੜਾ, ਪੁੱਤਰ ਰਾਜਪਾਲ ਚੋਪੜਾ, ਵਾਸੀ ਦੇਵ ਨਗਰ, ਬਹਾਦਰਪੁਰ, ਹੁਸ਼ਿਆਰਪੁਰ ਵੱਲੋਂ ਲਗਾਤਾਰ ਰੈੱਡ ਕਰਾਸ ਨੂੰ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ। ਸਕੱਤਰ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਮੰਗੇਸ਼ ਸੂਦ ਨੇ ਦੱਸਿਆ ਕਿ ਰਾਕੇਸ਼ ਚੋਪੜਾ ਦੁਆਰਾ ਇਸ ਲੜੀ ਨੂੰ ਅੱਗੇ ਵਧਾਉਂਦੇ ਹੋਏ ਰੈੱਡ ਕਰਾਸ ਸੁਸਾਇਟੀ ਨੂੰ ਹੜ੍ਹ ਪੀੜਤਾਂ ਦੀ ਸਹਾਇਤਾ ਹਿੱਤ ਇਕ ਲੱਖ ਰੁਪਏ ਦੀ ਰਾਸ਼ੀ ਦਾ ਯੋਗਦਾਨ ਕੀਤਾ ਗਿਆ ਹੈ। ਦਾਨ ਵਿਚ ਮਿਲੀ ਇਸ ਸਹਿਯੋਗ ਰਾਸ਼ੀ ਦੁਆਰਾ ਹੜ੍ਹ ਪੀੜਤਾਂ ਨੂੰ ਗੱਦੇ, ਮੱਛਰਦਾਨੀਆਂ, ਓਡੋਮੋਸ, ਪਾਣੀ ਦੀਆਂ ਬੋਤਲਾ ਅਤੇ ਸੈਨੇਟਰੀ ਪੈਡ ਵਰਗੀਆਂ ਜਰੂਰਤ ਦੀਆਂ ਵਸਤਾਂ ਪਹੁੰਚਾਈਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਰਾਕੇਸ਼ ਚੋਪੜਾ ਵੱਲੋਂ 15 ਅਗਸਤ ਦੇ ਮੌਕੇੇ ਵੀ 75 ਹਜ਼ਾਰ ਰੁਪਏ ਦਾ ਯੋਗਦਾਨ ਦਿੱਤਾ ਗਿਆ ਸੀ, ਜਿਸ ਨਾਲ ਲੋੜਵੰਦ ਔਰਤਾਂ ਨੂੰ ਸਿਲਾਈ ਮਸ਼ੀਨਾ ਅਤੇ ਦਿਵਿਆਂਗ ਵਿਅਕਤੀਆਂ ਨੂੰ ਟਰਾਈ-ਸਾਈਕਲ ਮੁਹੱਈਆ ਕਰਵਾਏ ਗਏ ਸਨ।
ਸਕੱਤਰ ਮੰਗੇਸ਼ ਸੂਦ ਵੱਲੋਂ ਰਾਕੇਸ਼ ਚੋਪੜਾ ਦਾ ਇਸ ਔਖੀ ਘੜੀ ਵਿਚ ਪਾਏ ਗਏ ਵੱਡਮੁੱਲੇ ਯੋਗਦਾਨ ਦਾ ਦਿਲੋਂ ਧੰਨਵਾਦ ਕਰਦਿਆ ਕਿਹਾ ਕਿ ਦਾਨੀਆਂ ਦੁਆਰਾ ਕੀਤੇ ਜਾਣ ਵਾਲੇ ਛੋਟੇ ਜਿਹੇ ਸਮਰਥਨ ਨਾਲ ਹੜ੍ਹ ਪੀੜਤਾਂ ਦੇ ਚਿਹਰੇ ਦੀ ਰੌਣਕ ਮੁੜ ਵਾਪਸ ਆ ਰਹੀ ਹੈ ਅਤੇ ਜਨਤਾ ਦੇ ਸਹਿਯੋਗ ਨਾਲ ਹੀ ਇਸ ਔਖੀ ਘੜੀ ਨਾਲ ਨਿਬੜਿਆ ਜਾ ਸਕਦਾ ਹੈ। ਉਨ੍ਹਾਂ ਵੱਲੋਂ ਆਮ ਜਨਤਾ ਨੂੰ ਅਪੀਲ ਕੀਤੀ ਕਿ ਉਹ ਵੀ ਇਸ ਔਖੀ ਘੜੀ ਵਿਚ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਹੁਸ਼ਿਆਰਪੁਰ ਨਾਲ ਮਿਲ ਕੇ ਹੜ੍ਹ ਪੀੜਤਾ ਦੀ ਮਦਦ ਲਈ ਅੱਗੇ ਆਉਣ।