ਬਿਆਸ ਦਰਿਆ ਅਤੇ ਨੀਵੇਂ ਇਲਾਕਿਆਂ ਤੋਂ ਦੂਰੀ ਬਣਾਏ ਰੱਖਣ ਲੋਕ : ਕੋਮਲ ਮਿੱਤਲ


ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਦੱਸਿਆ ਕਿ ਹਿਮਾਚਲ ਪ੍ਰਦੇਸ਼ ਵਿਚ ਹੋ ਰਹੀ ਤੇਜ਼ ਬਾਰਿਸ਼ ਕਾਰਨ ਪੌਂਗ ਡੈਮ ਵਿਚ ਪਾਣੀ ਦਾ ਪੱਧਰ ਹੌਲੀ-ਹੌਲੀ ਵੱਧ ਰਿਹਾ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਪੌਂਗ ਡੈਮ ਵਲੋਂ ਮੌਜੂਦਾ ਛੱਡੇ ਜਾ ਰਹੇ ਪਾਣੀ ਤੋਂ ਵੱਧ ਪਾਣੀ ਛੱਡਿਆ ਜਾ ਸਕਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਬਿਆਸ ਦਰਿਆ ਅਤੇ ਨੀਵੇਂ ਇਲਾਕਿਆਂ ਵੱਲ ਨਾ ਜਾਣ। ਇਸ ਤੋਂ ਇਲਾਵਾ ਦਰਿਆ ਵਿਚ ਨਹਾਉਣ ਅਤੇ ਇਥੇ ਸੈਲਫੀ ਖਿੱਚਣ ਤੋਂ ਵੀ ਗੁਰੇਜ਼ ਕਰਨ, ਕਿਉਂਕਿ ਪਿਛਲੇ ਦਿਨੀਂ ਕਈ ਹਾਦਸੇ ਇਸੇ ਕਾਰਨ ਹੋਏ ਹਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੌਜੂਦ ਸਮੇਂ ਪੌਂਗ ਡੈਮ ਵਲੋਂ 67 ਹਜ਼ਾਰ ਕਿਊਸਕ ਪਾਣੀ ਛੱਡਿਆ ਜਾ ਰਿਹਾ ਹੈ ਅਤੇ ਪੌਂਗ ਡੈਮ ਦੇ ਵੱਧ ਰਹੇ ਪਾਣੀ ਦੇ ਪੱਧਰ ਨੂੰ ਦੇਖਦੇ ਹੋਏ ਡੈਮ ਵਲੋਂ ਛੱਡੇ ਜਾ ਰਹੇ ਪਾਣੀ ਨੂੰ ਹੋਰ ਵਧਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਡੈਮ ਦਾ ਪਾਣੀ ਛੱਡਣ ਸਬੰਧੀ ਪਹਿਲਾਂ ਚਿਤਾਵਨੀ ਜਾਰੀ ਕੀਤੀ ਜਾਵੇਗੀ, ਇਸ ਲਈ ਲੋਕ ਅਫਵਾਹਾਂ ’ਤੇ ਵਿਸ਼ਵਾਸ ਨਾਲ ਕਰਨ ਅਤੇ ਨਾ ਹੀ ਘਬਰਾਉਣ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਇਸ ਤਰ੍ਹਾਂ ਦੇ ਹਾਲਾਤ ਨਾਲ ਨਜਿੱਠਣ ਲਈ ਤਿਆਰ ਹੈ ਅਤੇ ਰੈੱਡ ਕਰਾਸ ਸੁਸਾਇਟੀ ਰਾਹੀਂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਰਾਹਤ ਕਾਰਜ ਜਾਰੀ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਨਾਲ ਲਗਾਤਾਰ ਸੰਪਰਕ ਰੱਖਿਆ ਜਾ ਰਿਹਾ ਹੈ ਅਤੇ ਲੋਕਾਂ ਨੂੰ ਸਮੇਂ ਸਿਰ ਹਰ ਸੂਚਨਾ ਮੁਹੱੱਈਆ ਕਰਵਾਈ ਜਾਵੇਗੀ।
ਕੋਮਲ ਮਿੱਤਲ ਨੇ ਡਰੇਨੇਜ ਵਿਭਾਗ ਦੇ ਅਧਿਕਾਰੀਆਂ ਨੂੰ ਧੁੱਸੀ ਬੰਨ੍ਹਾਂ ਦੀ ਵਿਸ਼ੇਸ਼ ਨਿਗਰਾਨੀ ਰੱਖਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਜ਼ਿਲ੍ਹਾ ਵਾਸੀਆਂ ਦੀ ਜਾਨ-ਮਾਲ ਦੀ ਸੁਰੱਖਿਆ ਨੂੰ ਲੈ ਕੇ ਪੂਰੀ ਤਰ੍ਹਾਂ ਮੁਸਤੈਦ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਜਾਂ ਜਾਣਕਾਰੀ ਹਾਸਲ ਕਰਨ ਲਈ ਜ਼ਿਲ੍ਹਾ ਤੇ ਤਹਿਸੀਲ ਪੱਧਰ ’ਤੇ ਬਣਾਏ ਗਏ ਹੜ੍ਹ ਕੰਟਰੋਲ ਰੂਮਾਂ ਦੇ ਨੰਬਰਾਂ ’ਤੇ ਸੰਪਰਕ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ 24 ਘੰਟੇ ਡਿਊਟੀ ’ਤੇ ਤਾਇਨਾਤ ਹਨ ਅਤੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ।
ਹੜ੍ਹਾਂ ਸਬੰਧੀ ਪ੍ਰੇਸ਼ਾਨੀ ਆਉਣ ’ਤੇ ਕੰਟਰੋਲ ਰੂਮ ਦੇ ਨੰਬਰਾਂ ’ਤੇ ਕਰਨ ਸੰਪਰਕ
ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਕਿਹਾ ਕਿ ਜ਼ਿਲ੍ਹੇ ਵਿਚ ਹੜ੍ਹਾਂ ਨਾਲ ਨਿਪਟਣ ਲਈ ਜ਼ਿਲ੍ਹਾ ਅਤੇ ਤਹਿਸੀਲ ਪੱਧਰ ’ਤੇ ਕੰਟਰੋਲ ਰੂਮ ਸਥਾਪਿਤ ਕੀਤੇ ਗਏ ਹਨ, ਜੋ ਕਿ ਸੱਤ ਦਿਨ 24 ਘੰਟੇ ਕੰਮ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੱਧਰ ’ਤੇ ਕੰਟਰੋਲ ਰੂਮ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ਦਫ਼ਤਰ ਡਿਪਟੀ ਕਮਿਸ਼ਨਰ, ਕਮਰਾ ਨੰਬਰ 138 ਵਿਚ ਬਣਾਇਆ ਗਿਆ ਹੈ ਅਤੇ ਜ਼ਿਲ੍ਹਾ ਪੱਧਰ ਵਿਚ ਬਣਾਏ ਗਏ ਕੰਟਰੋਲ ਰੂਮ ਦਾ ਟੈਲੀਫੋਨ ਨੰਬਰ 01882-220412 ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਤਹਿਸੀਲ ਪੱਧਰ ’ਤੇ ਵੀ ਹੜ੍ਹ ਕੰਟਰੋਲ ਰੂਮ ਸਥਾਪਿਤ ਕੀਤੇ ਗਏ ਹਨ, ਜਿਸ ਵਿਚ ਤਹਿਸੀਲ ਹੁਸ਼ਿਆਰਪੁਰ ਦਾ ਕੰਟਰੋਲ ਰੂਮ ਤਹਿਸੀਲ ਦਫ਼ਤਰ ਹੁਸ਼ਿਆਰਪੁਰ ਵਿਖੇ ਬਣਾਇਆ ਗਿਆ ਹੈ, ਜਿਸ ਦਾ ਟੈਲੀਫੋਨ ਨੰਬਰ 01882-244175, ਤਹਿਸੀਲ ਗੜ੍ਹਸ਼ੰਕਰ ਦਾ ਕੰਟਰੋਲ ਰੂਮ ਤਹਿਸੀਲ ਦਫ਼ਤਰ ਗੜ੍ਹਸ਼ੰਕਰ ਵਿਚ ਬਣਾਇਆ ਗਿਆ ਹੈ, ਜਿਸ ਦਾ ਫੋਨ ਨੰਬਰ 01884 282026, ਤਹਿਸੀਲ ਦਸੂਹਾ ਦਾ ਕੰਟਰੋਲ ਰੂਮ ਤਹਿਸੀਲ ਦਫ਼ਤਰ ਦਸੂਹਾ ਵਿਖੇ ਬਣਾਇਆ ਗਿਆ ਹੈ, ਜਿਸ ਦਾ ਫੋਨ ਨੰਬਰ 01883 506268 ਅਤੇ ਤਹਿਸੀਲ ਮੁਕੇਰੀਆਂ ਦਾ ਕੰਟਰੋਲ ਰੂਮ ਤਹਿਸੀਲ ਦਫ਼ਤਰ ਮੁਕੇਰੀਆਂ ਵਿਖੇ ਬਣਾਇਆ ਗਿਆ ਹੈ, ਜਿਸ ਦਾ ਫੋਨ ਨੰਬਰ 01883 244310 ਹੈ। ਉਨ੍ਹਾਂ ਕਿਹਾ ਕਿ ਜੇਕਰ ਜ਼ਿਲ੍ਹੇ ਵਿਚ ਬਰਸਾਤਾਂ ਦੌਰਾਨ ਹੜ੍ਹ ਦੀ ਕੋਈ ਸੂਚਨਾ ਮਿਲਦੀ ਹੈ, ਤਾਂ ਉਹ ਸਥਾਪਿਤ ਕੀਤੇ ਗਏ ਇਨ੍ਹਾਂ ਕੰਟਰੋਲ ਰੂਮਾਂ ’ਤੇ ਇਸ ਦੀ ਸੂਚਨਾ ਤੁਰੰਤ ਦੇਣ। ਇਸ ਤੋਂ ਇਲਾਵਾ ਹੜ੍ਹਾਂ ਸਬੰਧੀ ਕੋਈ ਸੂਚਨਾ ਲੈਣੀ ਹੋਵੇ, ਤਾਂ ਵੀ ਉਕਤ ਨੰਬਰਾਂ ’ਤੇ ਸੰਪਰਕ ਕੀਤਾ ਜਾ ਸਕਦਾ ਹੈ।

Leave a Reply

Your email address will not be published. Required fields are marked *