ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਅੰਦਰ ਚੰਲ ਰਹੇ ਸਰਕਾਰੀ ਕਾਲਜ ‘ਸੈਨਿਕ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨਾਲੋਜੀ, ਹੁਸ਼ਿਆਰਪੁਰ ਕੈਂਪਸ’ ਵਿਖੇ ਇੰਟਰਨਲ ਕੁਆਲਿਟੀ ਐਸ਼ੋਰੈਂਸ ਸੈਲ ਦੇ ਪ੍ਰੋਟੋਕੋਲ ਅਨੁਸਾਰ ਪੜ੍ਹ ਰਹੇ ਵਿਦਿਆਰਥੀਆਂ ਦੀ ਬਹੁਪੱਖੀ ਸ਼ਖਸੀਅਤ ਨੂੰ ਉਭਾਰਨ ਲਈ ‘ਗਲੋਬਲ ਆਰਗੇਨਾਈਜ਼ੇਸ਼ਨ ਆਫ ਪੀਪਲ ਆਫ ਇੰਡੀਅਨ ਓਰੀਜਨ’ (ਗੋਪੀਓ) ਦੇ ਸਹਿਯੋਗ ਨਾਲ ਸ਼ਖਸੀਅਤ ਵਿਕਾਸ (ਪਰਸਨੈਲਿਟੀ ਡਿਵੈਲਪਮੈਂਟ) ’ਤੇ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ।
ਸੈਮੀਨਾਰ ਦੀ ਸ਼ੁਰੂਆਤ ਕਰਦਿਆਂ ਪ੍ਰਿੰਸੀਪਲ ਡਾ. ਪਰਮਿੰਦਰ ਕੌਰ ਸੈਣੀ ਨੇ ਸੈਮੀਨਾਰ ਦੇ ਪਹਿਲੇ ਸੈਸ਼ਨ ਦੌਰਾਨ ਵੱਖ-ਵੱਖ ਕੋਰਸਾਂ ਦੇ ਵਿਦਿਆਰਥੀਆਂ ਨੂੰ ਇਕ ਹੀ ਪਲੇਟਫਾਰਮ ’ਤੇ ਲਿਆ ਕੇ ਇਹ ਦੱਸਿਆ ਕਿ ਅਕਾਦਮਿਕ ਪੜ੍ਹਾਈ ਦੇ ਨਾਲ-ਨਾਲ ਸਾਨੂੰ ਆਪਣੀ ਸਮੁੱਚੀ ਸ਼ਖਸੀਅਤ ਨੂੰ ਵੀ ਇਕ ਸ਼ੇਪ ਦੇਣ ਦੀ ਲੋੜ ਹੁੰਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਇਸ ਵੱਲ ਧਿਆਨ ਨਾ ਦੇਈਏ ਤਾਂ ਅਸੀਂ ਕਈ ਗੁਣਾਂ ਤੋਂ ਵਾਂਝੇ ਰਹਿ ਜਾਂਦੇ ਹਾਂ। ਇਸੇ ਤਰ੍ਹਾਂ ਕੈਲੀਵਿੱਲੇ ਹਾਈ ਸਕੂਲ (ਆਸਟ੍ਰੇਲੀਆ) ਤੋਂ ਮੈਡਮ ਮਨਬੀਨ ਵਾਲੀਆ ਵੱਲੋਂ ਵਿਦਿਆਰਥੀਆਂ ਨੂੰ ਸ਼ਖਸੀਅਤ ਦਾ ਵਿਕਾਸ ਕਰਨ ਲਈ ਜ਼ਰੂਰੀ ਸੁਝਾਅ ਦਿੱਤੇ ਗਏ ਅਤੇ ਲਾਈਫ ਮੈਨੇਜਮੈਂਟ ਸਬੰਧੀ ਨੁਕਤੇ ਸਾਂਝੇ ਕੀਤੇ ਗਏ। ‘ਗਲੋਬਲ ਆਰਗੇਨਾਈਜ਼ੇਸ਼ਨ ਆਫ ਪੀਪਲ ਆਫ ਇੰਡੀਅਨ ਓਰੀਜਨ’ ਤੋਂ ਇੰਜ: ਹਰਮੋਹਣ ਸਿੰਘ ਵਾਲੀਆ ਸਿਡਨੀ ਨੇ ਸ਼ਖਸੀਅਤ ਵਿਕਾਸ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਅਤੇ ਸਮਾਰਟ ਸਿਧਾਂਤਾਂ ਬਾਰੇ ਜਾਣੂ ਕਰਵਾਇਆ। ਹੰਬੇਰ ਕਾਲਜ, ਟੋਰਾਂਟੋ ਤੋਂ ਮੈਡਮ ਨਵਦੀਪ ਕੌਰ ਨੇ ਵਿਦਿਆਰਥੀਆਂ ਨੂੰ ਵਾਰਤਾਲਾਪ ਸਕਿੱਲਜ਼ ਅਤੇ ਇੰਟਰਪਰਸਨਲ ਸਕਿੱਲਜ਼ ਬਾਰੇ ਜਾਣਕਾਰੀ ਦਿੰਦਿਆਂ ਪੇਸ਼ੇਵਰ ਅਤੇ ਸਮਾਜਿਕ ਰੂਪ ਵਿਚ ਚੰਗੇ ਨਾਲ ਵਿਚਰਨ ਦੇ ਨੁਕਤੇ ਦੱਸੇ।
ਪ੍ਰਿੰਸੀਪਲ ਡਾ. ਪਰਮਿੰਦਰ ਕੌਰ ਸੈਣੀ ਨੇ ਦੱਸਿਆ ਕਿ ਕੈਂਪਸ ਡਾਇਰੈਕਟਰ ਕਮਾਂਡਰ ਬਲਜਿੰਦਰ ਸਿੰਘ ਵਿਰਕ ਨੇ ਦੂਰਦਰਸ਼ੀ ਢੰਗ ਨਾਲ ਵਿਦਿਆਰਥੀਆਂ ਤੱਕ ਇਹ ਸੰਦੇਸ਼ ਪਹੁੰਚਾਇਆ ਕਿ ਅਜਿਹੇ ਸੈਮੀਨਾਰਾਂ ਦਾ ਸਿਰਫ ਤਾਂ ਹੀ ਫਾਇਦਾ ਹੋ ਸਕਦਾ ਹੈ, ਜੇਕਰ ਵਿਦਿਆਰਥੀ ਇਨ੍ਹਾਂ ਸੈਮੀਨਾਰਾਂ ਵਿਚ ਮਿਲੇ ਸੁਝਾਵਾਂ ਨੂੰ ਰੋਜ਼ਾਨਾ ਜ਼ਿੰਦਗੀ ਵਿਚ ਲਾਗੂ ਕਰਨ।
ਸੈਮੀਨਾਰ ਦੌਰਾਨ ਪ੍ਰਿੰਸੀਪਲ ਡਾ. ਸੈਣੀ ਨੇ ਆਏ ਹੋਏ ਡੈਲੀਗੇਟਾਂ ਨੂੰ ਸਨਮਾਨ ਚਿੰਨ੍ਹ ਦਿੱਤੇ ਗਏ। ਪ੍ਰੋ. ਰਿਤੂੁ ਤਿਵਾੜੀ ਅਤੇ ਪ੍ਰੋ. ਸੁਖਵਿੰਦਰ ਸਿੰਘ ਵੱਲੋਂ ਆਏ ਮਹਿਮਾਨਾਂ ਨੂੰ ਸੈਮੀਨਾਰ ਵਿਚ ਟੈਕਨੀਕਲੀ ਕੰਮ ਆਉਣ ਵਾਲੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ। ਪ੍ਰੋ ਜਸਵੀਰ ਸਿੰਘ ਵੱਲੋਂ ਆਏ ਹੋਏ ਰਿਸੋਰਸ ਪਰਸਨ ਦੀ ਸੈਸ਼ਨ ਕੋਆਰਡੀਨੇਸ਼ਨ ਦੀ ਜਿੰਮੇਵਾਰੀ ਨੂੰ ਬਾਖੂਬੀ ਨਿਭਾਇਆ ਗਿਆ। ਇਸ ਮੌਕੇ ਪ੍ਰੋ. ਚਾਂਦਨੀ ਸ਼ਰਮਾ, ਪ੍ਰੋ. ਸੰਦੀਪ ਕੌਰ, ਪ੍ਰੋ. ਸਿਮਰਨਜੋਤ ਸਿੰਘ, ਪ੍ਰੋ. ਜਸਪ੍ਰੀਤ ਸਿੰਘ ਅਤੇ ਹੋਰ ਹਾਜ਼ਰ ਸਨ।