ਜ਼ਿਲ੍ਹਾ ਓਲੰਪਿਕ ਐਸੋਸੀਏਸ਼ਨ ਦੀ ਮੀਟਿੰਗ ਅੱਜ ਡਿਪਟੀ ਕਮਿਸ਼ਨਰ-ਕਮ-ਚੇਅਰਪਰਸਨ ਜ਼ਿਲ੍ਹਾ ਓਲੰਪਿਕ ਐਸੋਸੀਏਸ਼ਨ ਕੋਮਲ ਮਿੱਤਲ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਲਾਜਵੰਤੀ ਮਲਟੀਪਰਪਜ਼ ਸਟੇਡੀਅਮ ਹੁਸ਼ਿਆਰਪੁਰ ਵਿਚ ਅਤਿ-ਆਧੁਨਿਕ ਜਿੰਮ ਅਤੇ ਸਕਵੈਸ਼ ਸੁਵਿਧਾ ਆਮ ਜਨਤਾ ਲਈ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਜਿੰਮ ਦੀ ਸੁਵਿਧਾ ਕੇਵਲ 500 ਰੁਪਏ ਮਹੀਨਾ ਫੀਸ ਦੇ ਕੇ ਲਈ ਜਾ ਸਕਦੀ ਹੈ, ਜਦਕਿ ਵਿਦਿਆਰਥੀਆਂ ਤੇ ਖਿਡਾਰੀਆਂ ਲਈ ਫੀਸ 300 ਰੁਪਏ ਮਹੀਨਾ ਨਿਰਧਾਰਤ ਕੀਤੀ ਗਈ ਹੈ, ਬਸ਼ਰਤੇ ਉਨ੍ਹਾਂ ਨੂੰ ਆਪਣੇ ਸਕੂਲ-ਕਾਲਜ ਦੇ ਆਈ.ਕਾਰਡ ਦੀ ਕਾਪੀ ਜਮ੍ਹਾਂ ਕਰਵਾਉਣੀ ਹੋਵੇਗੀ। ਉਨ੍ਹਾਂ ਕਿਹਾ ਕਿ ਇਹ ਫੀਸ ਪ੍ਰਤੀ ਦਿਨ ਇਕ ਘੰਟੇ ਦੇ ਹਿਸਾਬ ਨਾਲ ਹੈ ਅਤੇ ਹਰ ਐਤਵਾਰ ਸਟੇਡੀਅਮ ਬੰਦ ਰਹੇਗਾ। ਉਨ੍ਹਾਂ ਦੱਸਿਆ ਕਿ ਜਿੰਮ ਦਾ ਸਮਾਂ ਸਵੇਰੇ 6 ਵਜੇ ਤੋਂ ਸਵੇਰੇ 9 ਵਜੇ, ਦੁਪਹਿਰ 12 ਵਜੇ ਤੋਂ 1 ਵਜੇ (ਕੇਵਲ ਔਰਤਾਂ ਲਈ) ਅਤੇ ਸ਼ਾਮ 5 ਵਜੇ ਤੋਂ 9 ਵਜੇ ਤੱਕ ਨਿਰਧਾਰਤ ਕੀਤਾ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਤਰ੍ਹਾਂ ਸਟੇਡੀਅਮ ਵਿਚ ਇਨਡੋਰ ਸਕਵੈਸ਼ ਕੋਰਟ ਵੀ ਬਣਾਇਆ ਗਿਆ ਹੈ, ਜਿਸ ਦੀ ਫੀਸ ਵੀ 500 ਰੁਪਏ ਮਹੀਨਾ ਨਿਰਧਾਰਤ ਕੀਤੀ ਗਈ ਹੈ ਅਤੇ ਐਤਵਾਰ ਨੂੰ ਛੱਡ ਕੇ ਕਿਸੇ ਵੀ ਸਮੇਂ ਆ ਕੇ ਸਕਵੈਸ਼ ਕੋਰਟ ਦੀ ਵਰਤੋਂ ਕੀਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਉਕਤ ਫੀਸ ਪ੍ਰਤੀ ਦਿਨ ਇਕ ਘੰਟੇ ਦੇ ਹਿਸਾਬ ਨਾਲ ਹੈ। ਜਿੰਮ ਅਤੇ ਸਕਵੈਸ਼ ਖੇਡਣ ਦੇ ਚਾਹਵਾਨ ਵਿਅਕਤੀ ਦਾਖਲਾ ਲੈਣ ਲਈ ਜਿੰਮ ਕੋਚ ਰੋਹਿਤ ਕੁਮਾਰ ਦੇ ਮੋਬਾਇਲ ਨੰਬਰ 8837855563 ’ਤੇ ਸੰਪਰਕ ਕਰ ਸਕਦੇ ਹਨ। ਮੀਟਿੰਗ ਵਿਚ ਵਧੀਕ ਡਿਪਟੀ ਕਮਿਸ਼ਨਰ (ਜ) ਰਾਹੁਲ ਚਾਬਾ, ਐਸ.ਡੀ.ਐਮ. ਦਸੂਹਾ ਓਜਸਵੀ ਅਲੰਕਾਰ, ਸਹਾਇਕ ਕਮਿਸ਼ਨਰ (ਜ) ਵਿਓਮ ਭਾਰਦਵਾਜ, ਜ਼ਿਲ੍ਹਾ ਖੇਡ ਅਫ਼ਸਰ ਗੁਰਪ੍ਰੀਤ ਸਿੰਘ ਤੋਂ ਇਲਾਵਾ ਜ਼ਿਲ੍ਹਾ ਓਲੰਪਿਕ ਐਸੋਸੀਏਸ਼ਨ ਦੇ ਹੋਰ ਮੈਂਬਰ ਵੀ ਮੌਜੂਦ ਸਨ।