ਅੱਖਾਂ ਦਾਨ ਪ੍ਰਣ-ਪੱਤਰ ਭਰ ਕੇ ਮਨੁੱਖੀ ਸੇਵਾ ਦੇ ਨਾਲ-ਨਾਲ ਬਣੋ ਜਾਗਰੂਕਤਾ ਮੁਹਿੰਮ ਦਾ ਅਹਿਮ ਹਿੱਸਾ : ਸੰਜੀਵ ਅਰੋੜਾ 


ਨੇਤਰ ਦਾਨ ਨਾਲ ਜੁੜੀ ਭਾਵਿਪ ਦੇ ਸਾਰੇ ਮੈਂਬਰਾਂ ਨੇ ਅੱਖਾਂ ਦਾਨ ਦੇ ਪ੍ਰਣ-ਪੱਤਰ ਭਰੇ 

ਹੁਸ਼ਿਆਰਪੁਰ ਭਾਰਤ  ਵਿਕਾਸ ਪ੍ਰੀਸ਼ਦ ਵੱਲੋਂ ਅੱਖਾਂ ਦਾਨ ਨਾਲ ਸਬੰਧਤ ਇਕ ਵਿਸ਼ੇਸ਼ ਮੀਟਿੰਗ ਪ੍ਰਧਾਨ ਰਜਿੰਦਰ ਮੌਦਗਿਲ ਦੀ ਅਗਵਾਈ ਹੇਠ ਹੋਈ। ਇਸ ਮੌਕੇ ਸੂਬਾ ਕਨਵੀਨਰ (ਖੂਨਦਾਨ ਅਤੇ ਅੱਖਾਂ ਦਾਨ, ਪੱਛਮੀ ਪੰਜਾਬ) ਅਤੇ ਉੱਘੇ ਸਮਾਜ ਸੇਵਕ ਸੰਜੀਵ ਅਰੋੜਾ ਅਤੇ ਜੇ.ਬੀ. ਬਹਿਲ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਇਸ ਮੌਕੇ ਭਾਰਤ ਵਿਕਾਸ ਪ੍ਰੀਸ਼ਦ ਦੇ ਸਾਰੇ ਮੈਂਬਰਾਂ ਨੇ ਮਰਨ ਉਪਰੰਤ ਅੱਖਾਂ ਦਾਨ ਕਰਨ ਦਾ ਪ੍ਰਣ-ਪੱਤਰ ਭਰਿਆ । ਇਸ ਮੌਕੇ ਮੋਜ਼ੂਦ ਹਾਜਰੀ ਨੂੰ ਸੰਬੋਧਿਤ ਕਰਦੇ ਹੋਏ  ਸੰਜੀਵ ਅਰੋੜਾ ਨੇ ਕਿਹਾ ਕਿ ਭਾਵੇਂ ਭਾਵਿਪ ਦੇ ਜ਼ਿਆਦਾਤਰ ਮੈਂਬਰ ਪਹਿਲਾਂ ਹੀ ਇਸ ਮੁਹਿੰਮ ਨਾਲ ਜੁੜ ਚੁੱਕੇ ਹਨ ਪਰ ਹੁਣ ਭਾਵਿਪ ਦੇ ਸਾਰੇ ਨਵੇਂ ਅਤੇ ਪੁਰਾਣੇ ਮੈਂਬਰ ਇਸ ਦਾ ਅਹਿਮ ਹਿੱਸਾ ਬਣ ਚੁੱਕੇ ਹਨ। ਸ੍ਰੀ ਅਰੋੜਾ ਨੇ ਕਿਹਾ ਕਿ ਖੂਨਦਾਨ ਅਤੇ ਅੱਖਾਂ ਦਾਨ ਅੱਜ ਸਾਡੀ ਜ਼ਿੰਦਗੀ ਦਾ ਅਨਿੱਖੜਵਾਂ ਅਤੇ ਮਹੱਤਵਪੂਰਨ ਹਿੱਸਾ ਬਣ ਗਿਆ ਹੈ ਅਤੇ ਜਾਗਰੂਕਤਾ ਦੇ ਕਾਰਨ ਇਸ ਮੁਹਿੰਮ ਨੂੰ ਬਹੁਤ ਤਾਕਤ ਮਿਲੀ ਹੈ। ਇਸ ਮੁਹਿੰਮ ਨੂੰ ਤੇਜ਼ ਕਰਨ ਚ ਲੱਗੀਆਂ ਹੋਈਆਂ ਭਾਵਿਪ ਦੀਆਂ ਸਾਰੀਆਂ ਟੀਮਾਂ ਵਧਾਈ ਅਤੇ ਸ਼ਲਾਘਾ ਦੀਆਂ ਪਾਤਰ ਹਨ। ਉਨ੍ਹਾਂ ਕਿਹਾ ਕਿ ਰੋਸ਼ਨੀ ਤੋਂ ਬਿਨਾਂ ਜੀਵਨ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਇਸ ਲਈ ਸੰਸਾਰ ਤੋਂ ਜਾਣ ਤੋਂ ਬਾਅਦ ਉਨ੍ਹਾਂ ਲੋਕਾਂ ਲਈ ਅੱਖਾਂ ਦਾਨ ਜਰੂਰ ਕਰੋ ਜੋ ਕੋਰਨੀਅਲ ਅੰਨ੍ਹੇਪਣ ਕਾਰਨ ਹਨੇਰੇ ਵਿੱਚ ਜੀਵਨ ਜੀਉਣ ਲਈ ਮਜਬੂਰ ਹਨ। ਸ੍ਰੀ ਅਰੋੜਾ ਨੇ ਕਿਹਾ ਕਿ ਇਹ ਇੱਕ ਕੌੜਾ ਸੱਚ ਹੈ ਕਿ ਇਕ ਦਿਨ ਹਰ ਕਿਸੇ ਨੂੰ ਇਸ ਸੰਸਾਰ ਤੋਂ ਜਾਣਾ ਪੈਣਾ ਹੈ, ਫਿਰ ਕਿਉਂ ਨਾ ਕੁਝ ਅਜਿਹਾ ਕਰਿਅੇ ਕਿ ਸਾਡੇ ਜਾਣ ਤੋਂ ਬਾਅਦ ਵੀ ਜਿੱਥੇ ਸਾਡੀਆਂ ਅੱਖਾਂ ਇਸ ਸੰਸਾਰ ਨੂੰ ਵੇਖਦੀਆਂ ਰਹਿਣ, ਉੱਥੇ ਹੀ ਸਾਡੇ ਕਦਮ ਹਮੇਸ਼ਾ ਦੂਜਿਆਂ ਲਈ ਪ੍ਰੇਰਨਾਦਾਇਕ ਬਣੇ ਰਹਿਣ। ਸ੍ਰੀ ਅਰੋੜਾ ਨੇ ਕਿਹਾ ਕਿ ਉਨ੍ਹਾਂ ਨੇ ਸੂਬੇ ਦੀਆਂ ਸਾਰੀਆਂ ਸ਼ਾਖਾਵਾਂ ਨੂੰ ਕਿਹਾ ਹੈ ਕਿ ਉਹ ਆਪਣੇ-ਆਪਣੇ ਖੇਤਰਾਂ ਵਿੱਚ ਅੱਖਾਂ ਦਾਨ ਸਬੰਧੀ ਸੈਮੀਨਾਰ ਕਰਵਾਉਣ। ਇਸ ਮੌਕੇ ਜੇ.ਬੀ. ਬਹਿਲ ਤੇ ਰਜਿੰਦਰ ਮੌਦਗਿਲ ਨੇ ਅੱਖਾਂ ਦਾਨ ਮੁਹਿੰਮ ਸਬੰਧੀ ਜਾਣਕਾਰੀ ਦਿੰਦੇ ਹੋਏ  ਨੇਤਰ ਦਾਣਿਆਂ ਨੂੰ ਉਨ੍ਹਾਂ ਮਰੀਜ਼ਾਂ ਦੇ ਜੀਵਨ ਚ ਆਈਆਂ ਤਬਦੀਲੀਆਂ ਬਾਰੇ ਜਾਣਕਾਰੀ ਦਿੱਤੀ, ਜਿਨ੍ਹਾਂ ਨੂੰ ਅੱਖਾਂ ਦਾਨ ਕਰਨ ਵਾਲਿਆਂ ਵਲੋਂ ਰੌਸ਼ਨੀ ਪ੍ਰਦਾਨ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਸਾਡੀਆਂ ਦੋ ਅੱਖਾਂ ਦੋ ਲੋਕਾਂ ਨੂੰ ਲਗਾਇਆਂ ਜਾਂਦੀਆਂ ਹਨ, ਤਾਂ ਜੋ ਦੋ ਲੋਕ ਇਸ ਦੁਨੀਆ ਨੂੰ ਦੇਖਣ ਯੋਗ ਬਣ ਸਕਣ। ਉਨ੍ਹਾਂ ਕਿਹਾ ਕਿ ਸੈਮੀਨਾਰਾਂ ਅਤੇ ਹੋਰ ਜਾਗਰੂਕਤਾ ਪ੍ਰੋਗਰਾਮਾਂ ਰਾਹੀਂ ਲੋਕਾਂ ਵਿੱਚ ਜਾਗਰੂਕਤਾ ਆ ਰਹੀ ਹੈ ਅਤੇ ਸੰਸਥਾ ਦੇ ਯਤਨਾਂ ਦਾ ਫਲ ਮਿਲਣਾ ਸ਼ੁਰੂ ਹੋ ਗਿਆ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਦੇ ਆਂਢ-ਗੁਆਂਢ ਵਿਚ ਕੋਈ ਕੋਰਨੀਆ ਅੰਨ੍ਹਾਪਣ ਤੋਂ ਪੀੜਤ ਹੈ ਤਾਂ ਸੰਸਥਾ ਨੂੰ ਸੂਚਿਤ ਕਰੋ ਤਾਂ ਜੋ ਉਸ ਦਾ ਆਪ੍ਰੇਸ਼ਨ ਕਰਵਾ ਕੇ ਕੋਰਨੀਆ ਟਰਾਂਸਪਲਾਂਟ ਕੀਤਾ ਜਾ ਸਕੇ। ਇਸ ਦੌਰਾਨ ਉਨ੍ਹਾਂ ਨੇ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਇਸ ਮੁਹਿੰਮ ਵਿੱਚ ਸ਼ਾਮਲ ਸੰਸਥਾਵਾਂ ਅਤੇ ਡਾਕਟਰਾਂ ਦੀ ਟੀਮ ਦੀ ਸਹਾਇਤਾ ਲਈ ਅਜਿਹੇ ਫੈਸਲੇ ਲਏ ਜਾਣ ਜਿਸ ਨਾਲ ਇਸ ਕੰਮ ਵਿੱਚ ਲੱਗੇ ਲੋਕਾਂ ਦਾ ਮਨੋਬਲ ਵਧ ਸਕੇ। ਇਸ ਮੌਕੇ ਵਿਨੋਦ ਪਸਾਨ, ਵਿਜੇ ਅਰੋੜਾ, ਦਵਿੰਦਰ ਅਰੋੜਾ, ਲੋਕੇਸ਼ ਖੰਨਾ, ਅਮਿਤ ਨਾਗਪਾਲ, ਤਰਸੇਮ ਮੌਦਗਿਲ, ਅਮਰਜੀਤ ਸ਼ਰਮਾ, ਰਮੇਸ਼ ਭਾਟੀਆ, ਟਿੰਕੂ ਨਰੂਲਾ, ਰਵਿੰਦਰ ਭਾਟੀਆ, ਰਮਨ ਬੱਬਰ, ਦੀਪਕ ਮਹਿੰਦੀਰੱਤਾ, ਰਾਜ ਕੁਮਾਰ ਮਲਿਕ, ਸਿਧਾਰਥ ਗੁਲਾਟੀ, ਰਵੀ ਮਨੋਚਾ, ਮਾਸਟਰ ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ । 

ਫੋਟੋ:- ਅੱਖਾਂ ਦਾਨ ਦਾ ਪ੍ਰਣ-ਪੱਤਰ ਭਰਨ ਵਾਲਿਆਂ ਨੂੰ ਸਨਮਾਨਿਤ ਕਰਦੇ ਹੋਏ ਸੰਜੀਵ ਅਰੋੜਾ, ਰਜਿੰਦਰ ਮੋਦਗਿਲ, ਜੇ.ਬੀ.ਬਹਿਲ ਅਤੇ ਹੋਰ। 

Leave a Reply

Your email address will not be published. Required fields are marked *