
ਜਿਲ੍ਹੇ ਅੰਦਰ ਹੋ ਰਹੀ ਭਾਰੀ ਬਰਸਾਤ ਵਿਚ ਦੂਸ਼ਿਤ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਲਈ ਸਿਵਲ ਸਰਜਨ ਡਾ ਬਲਵਿੰਦਰ ਕੁਮਾਰ ਡਮਾਣਾ ਵਲੋਂ ਇੱਕ ਐਡਵਾਈਜ਼ਰੀ ਜਾਰੀ ਕੀਤੀ ਗਈ। ਉਹਨਾਂ ਕਿਹਾ ਕਿ ਇਸ ਮੌਸਮ ਵਿੱਚ ਉਲਟੀਆਂ ,ਟੱਟੀਆਂ,ਪੇਚਸ ਅਤੇ ਪੀਲੀਆ ਵਰਗੀਆਂ ਬਿਮਾਰੀਆਂ ਫੈਲਣ ਦਾ ਡਰ ਬਣਿਆ ਰਹਿੰਦਾ ਹੈ। ਇਹਨਾਂ ਬਿਮਾਰੀਆਂ ਤੋਂ ਬਚਾਅ ਲਈ ਇਹੋ ਜਿਹੇ ਹਾਲਾਤ ਵਿੱਚ ਵਧੇਰੇ ਸਾਵਧਾਨੀ ਵਰਤਣੀ ਚਾਹੀਦੀ ਹੈ। ਸਭ ਤੋਂ ਜਰੂਰੀ ਹੈ ਹੱਥਾਂ ਦੀ ਸਫ਼ਾਈ ਦਾ ਖਾਸ ਖਿਆਲ ਰੱਖਿਆ ਜਾਵੇ।ਪੀਣ ਦਾ ਪਾਣੀ ਹਮੇਸ਼ਾ ਸਾਫ ਸੋਮਿਆਂ ਤੋਂ ਲੈਣਾ ਚਾਹੀਦਾ ਹੈ ਤੇ ਪਾਣੀ ਪੁਣ ਕੇ ,ਉਬਾਲ ਕੇ ਅਤੇ ਠੰਢਾ ਕਰਕੇ ਪੀਣਾ ਚਾਹੀਦਾ ਹੈ। ਪੀਣ ਵਾਲੇ ਪਾਣੀ ਨੂੰ ਹਮੇਸ਼ਾ ਢੱਕ ਕੇ ਰੱਖੋ ਤੇ ਪੀਣ ਵਾਲੇ ਪਾਣੀ ਦੇ ਭਾਂਡੇ ਵਿੱਚ ਹੱਥ ਨਾ ਪਾਉ।ਪਰਿਵਾਰ ਦੇ ਸਾਰੇ ਮੈਂਬਰ ਪਖਾਨਿਆਂ ਦੀ ਵਰਤੋਂ ਕਰਨ।ਖੁੱਲੇ ਮੈਦਾਨ ਵਿੱਚ ਪਖਾਨੇ ਲਈ ਨਾ ਜਾਇਆ ਜਾਵੇ।ਪ੍ਰਤੀਦਿਨ ਖਾਣਾ ਖਾਣ ਤੋਂ ਪਹਿਲਾਂ ਅਤੇ ਪਖਾਨਾ ਜਾਣ ਤੋਂ ਬਾਅਦ ਹੱਥਾਂ ਨੂੰ ਚੰਗੀ ਤਰ੍ਹਾਂ ਸਾਫ ਕਰੋ।ਗਲੇ ਸੜੇ ਤੇ ਜਿਆਦਾ ਪੱਕੇ ਹੋਏ ਫਲ ਨਾ ਖਾਉ।ਸਬਜੀਆਂ ਨੂੰ ਟੋਭਿਆਂ ਛੱਪੜਾਂ ਦੇ ਪਾਣੀ ਨਾਲ ਨਾ ਧੋਵੋ।ਭਾਰੀ ਬਰਸਾਤ ਦੇ ਚਲਦਿਆਂ ਜਿੱਥੇ ਤੱਕ ਹੋ ਸਕੇ ਆਪਣੇ ਘਰਾਂ ਵਿੱਚ ਹੀ ਰਹੋ।ਦੂਸ਼ਿਤ ਪਾਣੀ ਨਾਲ ਪੈਦਾ ਹੋਣ ਵਾਲੀਆਂ ਬਿਮਾਰੀਆਂ ਜਿਵੇਂ ਕਿ ਉਲਟੀਆਂ ਟੱਟੀਆਂ ਪੇਟ ਦਰਦ,ਬੁਖਾਰ, ਅੱਖਾਂ ਤੇ ਪਿਸ਼ਾਬ ਦਾ ਰੰਗ ਪੀਲਾ,ਭੁੱਖ ਘੱਟ ਲੱਗਣਾ ਜਾਂ ਜੀ ਮਿਚਲਾਣਾ ਵਰਗੇ ਲੱਛਣ ਨਜ਼ਰ ਆਉਂਦੇ ਹੀ ਜਾਂ ਸਿਹਤ ਸੰਬੰਧੀ ਕਿਸੇ ਵੀ ਤਰ੍ਹਾਂ ਦੀ ਐਮਰਜੈਂਸੀ ਲਈ ਜਲਦ ਤੋਂ ਜਲਦ ਆਪਣੇ ਨੇੜੇ ਦੇ ਸਰਕਾਰੀ ਹਸਪਤਾਲ ਨਾਲ ਸੰਪਰਕ ਕਰੋ।