ਵਿਜੀਲੈਂਸ ਬਿਊਰੋ ਵੱਲੋਂ ਜਾਇਦਾਦ ਦੇ ਇੰਤਕਾਲ ਬਦਲੇ 2,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਪਟਵਾਰੀ ਗ੍ਰਿਫ਼ਤਾਰ

ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਹੁਸ਼ਿਆਰਪੁਰ ਜ਼ਿਲ੍ਹੇ ਦੀ ਮਾਹਿਲਪੁਰ ਤਹਿਸੀਲ ਦੇ ਪਟਵਾਰੀ ਨੂੰ ਜਾਇਦਾਦ ਦੇ ਇੰਤਕਾਲ ਬਦਲੇ 2,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ।

ਰਣਜੀਤ ਸਿੰਘ ਵਾਸੀ ਪਿੰਡ ਸਕਰੂਲੀ ਜ਼ਿਲ੍ਹਾ ਹੁਸ਼ਿਆਰਪੁਰ ਨੇ 06 ਕਨਾਲ ਅਤੇ 05 ਮਰਲੇ ਜ਼ਮੀਨ ਦਾ ਇੰਤਕਾਲ ਦਰਜ ਕਰਵਾਉਣ ਬਦਲੇ ਰਿਸ਼ਵਤ ਲੈਣ ਦੇ ਦੋਸ਼ ‘ਚ ਪਟਵਾਰੀ ਵਿਰੁੱਧ 17 ਜੂਨ, 2023 ਨੂੰ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਉਤੇ ਸ਼ਿਕਾਇਤ ਦਰਜ ਕਰਵਾਈ ਸੀ। ਮੁਲਜ਼ਮ ਪਟਵਾਰੀ ਦੀ ਪਛਾਣ ਜਸਪਾਲ ਸਿੰਘ, ਤਹਿਸੀਲ ਮਾਹਿਲਪੁਰ ਜ਼ਿਲ੍ਹਾ ਹੁਸ਼ਿਆਰਪੁਰ ਵਜੋਂ ਹੋਈ ਜੋ ਪਿੰਡ ਕਰੀਮਪੁਰ ਚਾਹਵਾਲਾ ਤਹਿਸੀਲ ਬਲਾਚੌਰ, ਜ਼ਿਲ੍ਹਾ ਐਸ.ਬੀ.ਐਸ.ਨਗਰ ਦਾ ਵਸਨੀਕ ਹੈ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਤਫ਼ਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਸ਼ਿਕਾਇਤਕਰਤਾ ਰਣਜੀਤ ਸਿੰਘ ਦੇ ਪਿਤਾ ਗੁਰਨਾਮ ਸਿੰਘ ਨੇ ਪਿੰਡ ਦੇ ਇਕ ਹੋਰ ਵਸਨੀਕ ਜੀਤ ਰਾਮ ਮੁਤਬੰਨਾ (ਗੋਦ ਲੈਣ ਵਾਲਾ) ਬੁੱਧੂ ਪੁੱਤਰ ਬੀਰ ਸਿੰਘ ਤੋਂ ਪਿੰਡ ਸਕਰੂਲੀ ਵਿਖੇ 06 ਕਨਾਲ ਅਤੇ 05 ਮਰਲੇ ਜ਼ਮੀਨ ਖਰੀਦੀ ਸੀ ਅਤੇ ਪੱਤਰ ਨੰ. 3236, ਮਿਤੀ 20 ਜੁਲਾਈ, 1998 ਅਨੁਸਾਰ ਇੰਤਕਾਲ ਵੀ ਪ੍ਰਵਾਨ ਹੋ ਗਿਆ ਸੀ। ਉਨ੍ਹਾਂ ਕਿਹਾ ਕਿ ਕਿਸੇ ਤਰੁੱਟੀ ਕਾਰਨ ਮਾਲ ਵਿਭਾਗ 2002-03 ਤੋਂ ਬਾਅਦ ਤਿਆਰ ਕੀਤੀਆਂ ਜਮ੍ਹਾਂਬੰਦੀਆਂ ਵਿੱਚ ਉਕਤ ਇੰਤਕਾਲ ਨੂੰ ਅਪਡੇਟ ਨਹੀਂ ਕਰ ਸਕਿਆ। ਸਾਲ 2007 ਵਿੱਚ ਗੁਰਨਾਮ ਸਿੰਘ ਦੀ ਮੌਤ ਹੋ ਗਈ ਅਤੇ ਜਦੋਂ ਸ਼ਿਕਾਇਤਕਰਤਾ ਰਣਜੀਤ ਸਿੰਘ ਨੇ ਵਿਰਾਸਤੀ ਇੰਤਕਾਲ ਦਰਜ ਕਰਵਾਉਣ ਲਈ ਬਿਨੈ ਕੀਤਾ ਤਾਂ ਪਟਵਾਰੀ ਜਸਪਾਲ ਸਿੰਘ ਨੇ ਉਸ ਕੋਲੋਂ 10 ਜੂਨ, 2023 ਨੂੰ 2,000 ਰੁਪਏ ਰਿਸ਼ਵਤ ਲਈ।
ਬੁਲਾਰੇ ਨੇ ਅੱਗੇ ਦੱਸਿਆ
ਕਿ ਜਾਂਚ ਦੌਰਾਨ ਇਹ ਸਾਬਤ ਹੋਇਆ ਕਿ ਪਟਵਾਰੀ ਜਸਪਾਲ ਸਿੰਘ ਨੇ ਰਿਸ਼ਵਤ ਲਈ ਹੈ ਜਿਸ ਉਪਰੰਤ ਐਫ.ਆਈ.ਆਰ. ਦਰਜ ਕਰਕੇ ਮੁਲਜ਼ਮ ਪਟਵਾਰੀ ਨੂੰ ਗ੍ਰਿਫਤਾਰ ਕਰ ਲਿਆ ਗਿਆ।

ਇਸ ਸਬੰਧੀ ਉਕਤ ਦੋਸ਼ੀ ਪਟਵਾਰੀ ਦੇ ਖਿਲਾਫ ਐਫਆਈਆਰ ਨੰ. 14 ਅਧੀਨ ਭ੍ਰਿਸ਼ਟਾਚਾਰ ਰੋਕੂ ਐਕਟ ਦੀ ਧਾਰਾ 7 ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਗ੍ਰਿਫ਼ਤਾਰ ਕੀਤੇ ਗਏ ਪਟਵਾਰੀ ਨੂੰ ਭਲਕੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

Leave a Reply

Your email address will not be published. Required fields are marked *