ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਦੱਸਿਆ ਕਿ ਭਾਰਤੀ ਬਾਲ ਕਲਿਆਣ ਪ੍ਰੀਸ਼ਦ ਵਲੋਂ ਰਾਸ਼ਟਰੀ ਵੀਰਤਾ ਪੁਰਸਕਾਰ ਲਈ ਬਹਾਦਰ ਬੱਚਿਆਂ ਤੋਂ ਬਿਨੈ ਪੱਤਰ ਮੰਗੇ ਗਏ ਹਨ। ਬਿਨੈ ਪੱਤਰ ਦੀ ਆਖਰੀ ਤਾਰੀਕ 5 ਅਕਤੂਬਰ ਨਿਰਧਾਰਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪੁਰਸਕਾਰ ਪਾਉਣ ਵਾਲੇ ਬੱਚਿਆਂ ਦੀ ਉਮਰ 6 ਸਾਲ ਤੋਂ 18 ਸਾਲ ਦੇ ਦਰਮਿਆਨ ਹੋਣੀ ਚਾਹੀਦੀ ਹੈ ਅਤੇ ਉਨ੍ਹਾਂ ਦੁਆਰਾ ਬਹਾਦਰੀ ਦਾ ਕੰਮ 1 ਜੁਲਾਈ 2022 ਤੋਂ 30 ਸਤੰਬਰ 2023 ਤੱਕ ਕੀਤਾ ਹੋਇਆ ਹੋਵੇ। ਉਨ੍ਹਾਂ ਵੱਖ-ਵੱਖ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਨਿਰਧਾਰਤ ਮਿਤੀ ਤੱਕ ਬਿਨੈ ਪੱਤਰ ਭਾਰਤੀ ਬਾਲ ਕਲਿਆਣ ਪ੍ਰੀਸ਼ਦ ਵਲੋਂ ਨਿਰਧਾਰਤ ਨਿਯਮਾਂ ਸਮੇਤ ਭੇਜਣਾ ਯਕੀਨੀ ਬਣਾਉਣ। ਉਨ੍ਹਾਂ ਦੱਸਿਆ ਕਿ ਭਾਰਤੀ ਬਾਲ ਕਲਿਆਣ ਪ੍ਰੀਸ਼ਦ ਨੇ ਅਜਿਹੇ ਬੱਚਿਆਂ ਨੂੰ ਸਨਮਾਨਿਤ ਕਰਨ ਦਾ ਫੈਸਲਾ ਕੀਤਾ ਹੈ, ਜਿਨ੍ਹਾਂ ਨੇ ਖਤਰਨਾਕ ਸਥਿਤੀ ਵਿਚ ਬਹਾਦਰੀ ਦਾ ਕੰਮ ਕੀਤਾ ਹੋਵੇ। ਉਨ੍ਹਾਂ ਦੱਸਿਆ ਕਿ ਪ੍ਰੀਸ਼ਦ ਵਲੋਂ ਦੇਸ਼ ਭਰ ਵਿਚ ਅਜਿਹੇ 25 ਬੱਚਿਆਂ ਨੂੰ ਇਹ ਪੁਰਸਕਾਰ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਬਿਨੈ ਪੱਤਰ ਆਈ.ਸੀ.ਸੀ. ਡਬਲਯੂ. ਦੀ ਵੈਬ ਸਾਈਟ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਪੁਰਸਕਾਰ ਸਮਾਜਿਕ ਬੁਰਾਈਆਂ ਅਤੇ ਹੋਰ ਅਪਰਾਧਾਂ ਦਾ ਸਾਹਮਣਾ ਕਰਨ ਲਈ ਖੁਦ ਦੇ ਜੀਵਨ ਨੂੰ ਖਤਰੇ ਵਿਚ ਪਾ ਕੇ ਦੂਜਿਆਂ ਦੇ ਜੀਵਨ ਨੂੰ ਬਚਾਉਣ ਲਈ ਕੀਤੇ ਗਏ ਸਾਹਸ ਅਤੇ ਬਹਾਦਰੀ ਦੇ ਕੰਮਾਂ ਲਈ ਦਿੱਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਸੋਨੇ ਅਤੇ ਚਾਂਦੀ ਦੇ ਤਗਮੇ ਅਤੇ ਸਰਟੀਫਿਕੇਟ ਤੋਂ ਇਲਾਵਾ ਜੇਤੂਆਂ ਨੂੰ ਨਕਦ ਇਨਾਮ ਵੀ ਮਿਲੇਗਾ। ਇਸ ਵਿਚ ਕੁੱਲ 25 ਪੁਰਸਕਾਰ ਦਿੱਤੇ ਜਾਂਦੇ ਹਨ, ਜਿਸ ਵਿਚ ਭਾਰਤ ਅਵਾਰਡ ਲਈ 1 ਲੱਖ ਰੁਪਏ, ਧਰੁਵ, ਮਾਰਕੰਡਿਏ, ਸ਼ਰਵਣ, ਪ੍ਰਹਲਾਦ, ਏਕਲਵਯ ਅਤੇ ਅਭਿਮਨਿਊ ਅਵਾਰਡ ਦੇ ਨਾਲ 75 ਹਜ਼ਾਰ ਰੁਪਏ ਅਤੇ 40 ਹਜ਼ਾਰ ਦੇ ਜਨਰਲ ਪੁਰਸਕਾਰ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਮੈਡਲ ਅਤੇ ਪੁਰਸਕਾਰ ਤੋਂ ਇਲਾਵਾ ਯੋਗ ਬੱਚਿਆਂ ਨੂੰ ਸਕੂਲ ਸਿੱਖਿਆ ਲਈ ਵਿੱਤੀ ਖਰਚ ਅਤੇ ਅੱਗੇ ਦੀ ਗਰੈਜੂਏਸ਼ਨ, ਪੋਸਟ ਗਰੈਜੂਏਸ਼ਨ ਦੀ ਡਿਗਰੀ ਤੇ ਵੋਕੇਸ਼ਨਲ ਕੋਰਸ ਲਈ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਸਾਹਸੀ ਬੱਚਿਆਂ ਨੂੰ ਦਿੱਲੀ ਵਿਚ ਇਕ ਸਮਾਰੋਹ ਵਿਚ ਸਨਮਾਨਿਤ ਕੀਤਾ ਜਾਵੇਗਾ।
ਕੋਮਲ ਮਿੱਤਲ ਨੇ ਦੱਸਿਆ ਕਿ ਅਪਲਾਈ ਕਰਨ ਵਾਲੇ ਪ੍ਰਾਰਥੀਆਂ ਲਈ ਸਕੂਲ ਦੇ ਮੁੱਖੀ, ਹੈਡਮਾਸਟਰ, ਜ਼ਿਲ੍ਹਾ ਪ੍ਰੀਸ਼ਦ, ਪੰਚਾਇਤ ਮੁਖੀ, ਡਿਪਟੀ ਕਮਿਸ਼ਨਰ ਜਾਂ ਇਸ ਦੇ ਬਰਾਬਰ ਦਾ ਅਹੁਦਾ, ਰਾਜ ਬਾਲ ਕਲਿਆਣ ਪ੍ਰੀਸ਼ਦ ਦੇ ਪ੍ਰਧਾਨ ਜਾਂ ਜਨਰਲ ਸਕੱਤਰ ਦੀ ਸਿਫਾਰਸ਼ ਹੋਣੀ ਜ਼ਰੂਰੀ ਹੈ। ਇਸ ਤੋਂ ਇਲਾਵਾ ਸਿਫਾਰਸ਼ ਕਰਨ ਵਾਲੇ ਅਫ਼ਸਰ ਜਾਂ ਮੁਖੀ ਵਲੋਂ ਬਿਨੈਕਾਰ ਦੇ ਪੂਰੇ ਵੇਰਵਿਆਂ ਬਾਰੇ 250 ਸ਼ਬਦਾਂ ਵਿਚ ਵਿਸਥਾਰ ਨਾਲ ਜਾਣਕਾਰੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਬਿਨੈਕਾਰ ਲਈ ਨਿਰਧਾਰਤ ਪ੍ਰੋਫਾਰਮੇ ਵਿਚ ਜਨਮ ਮਿਤੀ, ਵੀਰਤਾ ਨੂੰ ਲੈ ਕੇ ਪ੍ਰਕਾਸ਼ਿਤ ਅਖ਼ਬਾਰ ਜਾਂ ਮੈਗਜ਼ੀਨ ਦੀ ਕਲੀਪਿੰਗ, ਐਫ.ਆਈ.ਆਰ. ਆਦਿ ਦਾ ਵੇਰਵਾ ਵੀ ਦੇਣਾ ਜ਼ਰੂਰੀ ਹੈ।