ਰੋਜ਼ਗਾਰ ਉਤਪਤੀ ਵਿਭਾਗ ਅਤੇ ਮਾਰੂਤੀ ਸੁਜ਼ੂਕੀ ਵੱਲੋਂ ਸਾਂਝੇ ਤੌਰ ‘ਤੇ ਅਪ੍ਰੈਂਟਿਸਸ਼ਿਪ ਪਲੇਸਮੈਂਟ ਮੁਹਿੰਮ; 44 ਉਮੀਦਵਾਰਾਂ ਦੀ ਹੋਈ ਚੋਣ

• ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਚੁਣੇ ਗਏ ਉਮੀਦਵਾਰਾਂ ਨੂੰ ਸ਼ੁਭਕਾਮਨਾਵਾਂ

ਹੁਸ਼ਿਆਰਪੁਰ, 13 ਜੂਨ:

ਸੂਬੇ ਦੇ ਨੌਜਵਾਨਾਂ ਲਈ ਰੋਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਪੈਦਾ ਕਰਨ ਵਾਸਤੇ ਮੁੱਖ ਮੰਤਰੀ ਸ. ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਚਲਾਈ ਜਾ ਰਹੀ ਮੁਹਿੰਮ ਤਹਿਤ ਪੰਜਾਬ ਦੇ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ਵੱਲੋਂ ਮਾਰੂਤੀ ਸੁਜ਼ੂਕੀ ਇੰਡੀਆ ਲਿਮਟਿਡ ਦੇ ਸਹਿਯੋਗ ਨਾਲ ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰ (ਐਮ.ਐਸ.ਡੀ.ਸੀ.), ਹੁਸ਼ਿਆਰਪੁਰ ਵਿਖੇ ਦੋ ਰੋਜ਼ਾ ਅਪ੍ਰੈਂਟਿਸਸ਼ਿਪ ਪਲੇਸਮੈਂਟ ਮੁਹਿੰਮ ਦਾ ਆਯੋਜਨ ਕੀਤਾ ਗਿਆ।

ਮਾਰੂਤੀ ਸੁਜ਼ੂਕੀ ਇੰਡੀਆ ਨੇ ਅਪ੍ਰੈਂਟਿਸਸ਼ਿਪ ਲਈ 44 ਆਈ.ਟੀ.ਆਈ. ਪਾਸ ਯੋਗ ਉਮੀਦਵਾਰਾਂ ਦੀ ਚੋਣ ਕੀਤੀ ਹੈ। ਇਨ੍ਹਾਂ 44 ਉਮੀਦਵਾਰਾਂ ਨੂੰ ਫਿਟਰ, ਵੈਲਡਰ, ਪੇਂਟਰ (ਜਨਰਲ), ਇਲੈਕਟ੍ਰੀਸ਼ੀਅਨ, ਟਰਨਰ, ਡੀਜ਼ਲ ਮਕੈਨਿਕ, ਸੀ.ਓ.ਪੀ.ਏ., ਮਸ਼ੀਨਿਸਟ, ਮਸ਼ੀਨਿਸਟ (ਗ੍ਰਾਈਂਡਰ), ਟੂਲ ਐਂਡ ਡਾਈ, ਮੋਟਰ ਮਕੈਨਿਕ ਵਹੀਕਲ, ਟਰੈਕਟਰ  ਮਕੈਨਿਕ ਆਦਿ ਟਰੇਡਾਂ ਵਿੱਚ ਇੱਕ ਸਾਲ ਦੀ ਅਪ੍ਰੈਂਟਿਸਸ਼ਿਪ ਲਈ ਚੁਣਿਆ ਗਿਆ ਹੈ। ਚੁਣੇ ਗਏ ਉਮੀਦਵਾਰਾਂ ਨੂੰ 12,835/- ਰੁਪਏ ਪ੍ਰਤੀ ਮਹੀਨਾ ਮਿਲਣਗੇ। ਇਸਦੇ ਨਾਲ ਹੀ ਕੰਪਨੀ ਵੱਲੋਂ ਇਨ੍ਹਾਂ ਨੂੰ 4,160/- ਰੁਪਏ ਤੱਕ ਦਾ ਅਟੈਂਡੈਂਸ ਰਿਵਾਰਡ ਵੀ ਦਿੱਤਾ ਜਾਵੇਗਾ।
ਇੱਕ ਸਾਲ ਦੀ ਅਪ੍ਰੈਂਟਿਸਸ਼ਿਪ ਪੂਰੀ ਹੋਣ ਤੋਂ ਬਾਅਦ ਇਨ੍ਹਾਂ 44 ਉਮੀਦਵਾਰਾਂ ਲਈ ਇਸ ਬਹੁ-ਕੌਮੀ ਮਾਰੂਤੀ ਸੁਜ਼ੂਕੀ ਕੰਪਨੀ ਵਿੱਚ ਰੈਗੂਲਰ ਨੌਕਰੀ ਵਾਸਤੇ ਅਪਲਾਈ ਕਰਨ ਦਾ ਰਾਹ ਪੱਧਰਾ ਹੋਵੇਗਾ।
ਇਸ ਤੋਂ ਇਲਾਵਾ ਇਨ੍ਹਾਂ ਨੂੰ ਅਪ੍ਰੈਂਟਿਸਸ਼ਿਪ ਦੌਰਾਨ ਕੰਪਨੀ ਦੀ ਨੀਤੀ ਅਨੁਸਾਰ ਸਬਸਿਡੀ ਵਾਲਾ ਭੋਜਨ, ਵਰਦੀ ਅਤੇ ਹੋਰ ਲਾਭ ਦਿੱਤੇ ਜਾਣਗੇ।

ਪੰਜਾਬ ਦੇ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਸ੍ਰੀ ਅਮਨ ਅਰੋੜਾ ਨੇ ਚੁਣੇ ਗਏ ਉਮੀਦਵਾਰਾਂ ਨੂੰ ਉਨ੍ਹਾਂ ਦੇ ਸੁਨਿਹਰੀ ਭਵਿੱਖ ਲਈ ਵਧਾਈ ਦਿੱਤੀ ਅਤੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੌਜਵਾਨਾਂ ਨੂੰ ਰੋਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਪ੍ਰਦਾਨ ਕਰਨ ਲਈ ਲਗਾਤਾਰ ਯਤਨਸ਼ੀਲ ਹੈ।

ਜ਼ਿਕਰਯੋਗ ਹੈ ਕਿ ਇਸ ਮੁਹਿੰਮ ਵਿੱਚ ਕੁੱਲ 66 ਉਮੀਦਵਾਰਾਂ, ਜਿਨ੍ਹਾਂ ਨੂੰ ਰੋਜ਼ਗਾਰ ਉਤਪਤੀ ਵਿਭਾਗ ਅਤੇ ਮਾਰੂਤੀ ਸੁਜ਼ੂਕੀ ਇੰਡੀਆ ਲਿਮਟਿਡ ਵੱਲੋਂ ਸੱਦਾ ਦਿੱਤਾ ਗਿਆ ਸੀ, ਨੇ ਹਿੱਸਾ ਲਿਆ, ਜਿਨ੍ਹਾਂ ਵਿੱਚੋਂ 44 ਉਮੀਦਵਾਰਾਂ ਦੀ ਚੋਣ ਮਾਰੂਤੀ ਸੁਜ਼ੂਕੀ ਇੰਡੀਆ ਲਿਮਟਿਡ ਦੁਆਰਾ ਇੱਕ ਸਾਲ ਲਈ ਕੀਤੀ ਗਈ ਹੈ।

Leave a Reply

Your email address will not be published. Required fields are marked *