3-4 ਜੂਨ ਨੂੰ ਨੇਪਾਲ ਦੇ ਕਾਠਮੰਡੂ ਵਿਚ ਹੋਏ ਇੰਡੋ-ਨੇਪਾਲ ਡਾਂਸ ਸਪੋਰਟਸ ਇੰਟਰਨੈਸ਼ਨਲ ਚੈਂਪੀਅਨਸ਼ਿਪ 2023 ਦੇ ਸੋਨ ਸਗਮਾ ਜਿੱਤਣ ਵਾਲੇ ਹੁਸ਼ਿਆਰਪੁਰ ਦੇ ਬੱਚਿਆਂ ਨੂੰ ਅੱਜ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਆਪਣੇ ਦਫ਼ਤਰ ਵਿਚ ਸਨਮਾਨਿਤ ਕੀਤਾ। ਡਿਪਟੀ ਕਮਿਸ਼ਨਰ ਨੇ ਇਸ ਦੌਰਾਨ ਬੱਚਿਆਂ, ਉਨ੍ਹਾਂ ਦੇ ਮਾਪਿਆਂ ਅਤੇ ਬੱਚਿਆਂ ਦੀ ਅਗਵਾਈ ਕਰਨ ਵਾਲੀ ਕੌਸ਼ਲ ਡਾਂਸ ਅਕਾਦਮੀ ਦੀ ਪ੍ਰਵੀਨ ਸ਼ਰਮਾ ਨੂੰ ਵਧਾਈ ਦਿੱਤੀ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਾਡੇ ਜ਼ਿਲ੍ਹੇ ਲਈ ਬੜੇ ਮਾਣ ਦੀ ਗੱਲ ਹੈ ਕਿ ਸਾਡੇ 9 ਬੱਚਿਆਂ ਨੇ ਇੰਨੇ ਵੱਡੇ ਡਾਂਸ ਮੁਕਾਬਲੇ ਵਿਚ ਸੋਨ ਸਗਮਾ ਜਿੱਤ ਕੇ ਹੁਸ਼ਿਆਰਪੁਰ ਦਾ ਨਾਮ ਅੰਤਰਰਾਸ਼ਟਰੀ ਪੱਧਰ ’ਤੇ ਰੌਸ਼ਨ ਕੀਤਾ ਹੈ। ਉਨ੍ਹਾਂ ਜੇਤੂ ਬੱਚਿਆਂ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਉਹ ਆਉਣ ਵਾਲੇ ਸਮੇਂ ਵਿਚ ਹੋਰ ਡਾਂਸ ਮੁਕਾਬਲਿਆਂ ਵਿਚ ਵੀ ਜ਼ਿਲ੍ਹੇ ਅਤੇ ਦੇਸ਼ ਦਾ ਨਾਮ ਇਸੇ ਤਰ੍ਹਾਂ ਰੌਸ਼ਨ ਕਰਨ।
ਕੌਸ਼ਲ ਡਾਂਸ ਅਕਾਦਮੀ ਦੀ ਸੰਚਾਲਕ ਪ੍ਰਵੀਨ ਸ਼ਰਮਾ ਨੇ ਦੱਸਿਆ ਕਿ ਇਸ ਅੰਤਰਰਾਸ਼ਟਰੀ ਡਾਂਸ ਮੁਕਾਬਲੇ ਵਿਚ ਭਾਰਤ ਵਿਚੋਂ ਕਰੀਬ 120 ਪ੍ਰਤੀਯੋਗੀ ਅਤੇ ਨੇਪਾਲ ਵਿਚੋਂ 180 ਪ੍ਰਤੀਯੋਗੀਆਂ ਨੇ ਹਿੱਸਾ ਲਿਆ। ਮੁਕਾਬਲੇ ਵਿਚ ਅੰਡਰ-6 ਸੈਮੀ ਕਲਾਸੀਕਲ ਵਿਚ ਗਨਿਕਾ, ਅੰਡਰ-13 ਫੋਕ ਵਿਚ ਚਾਰਬੀ, ਅੰਡਰ-13 ਕਲਾਸੀਕਲ ਵਿਚ ਸਮਰਿੱਧੀ, ਅੰਡਰ-16 ਕਲਾਸੀਕਲ ਵਿਚ ਅਨਿਕਾ, ਅੰਡਰ-16 ਸੈਮੀ ਕਲਾਸੀਕਲ ਵਿਚ ਅਕਸ਼ਿਤਾ, ਅੰਡਰ-19 ਕਲਾਸੀਕਲ ਵਿਚ ਵਨੀਤਾ ਸ਼ਰਮਾ, ਅੰਡਰ-19 ਸੈਮੀ ਕਲਾਸੀਕਲ ਤਨੀਸ਼ਾ ਨੇ ਸੋਨ ਸਗਮਾ ਹਾਸਲ ਕੀਤਾ ਹੈ।