ਡਿਪਟੀ ਕਮਿਸ਼ਨਰ ਕਮ- ਕਮਿਸ਼ਨਰ ਨਗਰ ਨਿਗਮ ਕੋਮਲ ਮਿੱਤਲ ਵਲੋਂ ‘ਮਿਸ਼ਨ ਲਾਈਫ’ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ, ਜਿਸ ਵਿੱਚ ਉਨ੍ਹਾਂ ਨੇ ਭਾਰਤੀ ਵਾਤਾਵਰਨ ਪਰੰਪਰਾਵਾਂ ਅਤੇ ਗੱਲਬਾਤ ਦੇ ਅਭਿਆਸ ’ਤੇ ਆਧਾਰਿਤ ਰਹਿਣ-ਸਹਿਣ ਦੇ ਤਰੀਕਿਆਂ ਦੇ ਬਾਰੇ ਜਾਣੂ ਕਰਵਾਇਆ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਤਹਿਤ ਊਰਜਾ ਦੇ ਸਾਧਨਾਂ ਦੀ ਸਹੀ ਤਰੀਕੇ ਨਾਲ ਵਰਤੋਂ ਕਰਨ, ਕੂੜੇ ਦਾ ਸਹੀ ਨਿਪਟਾਰਾ, ਜਿਸ ਨਾਲ ਕੂੜਾ ਘੱਟ ਪੈਦਾ ਹੋਵੇ, ਟਿਕਾਊ ਭੋਜਨ ਪ੍ਰਣਾਲੀ ਅਪਣਾਉਣ, ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਨਾ ਕਰਨ, ਪਾਣੀ ਦੀ ਸੰਭਾਲ ਕਰਨ ਅਤੇ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਬਾਰੇ ਦੱਸਿਆ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜੇਕਰ ਅਸੀਂ ਰੋਜ਼ਾਨਾ ਜ਼ਿੰਦਗੀ ਵਿੱਚ ਇਸ ਮੁਹਿੰਮ ਤਹਿਤ ਦੱਸੀਆਂ ਗੱਲਾਂ ’ਤੇ ਅਮਲ ਕਰੀਏ ਤਾਂ ਅਸੀਂ ਆਪਣੇ ਘਰ ਦੇ ਨਾਲ-ਨਾਲ ਸ਼ਹਿਰ ਅਤੇ ਸਮਾਜ ਨੂੰ ਵੀ ਸਾਫ਼-ਸੁਥਰਾ ਅਤੇ ਸਿਹਤਮੰਦ ਰੱਖ ਸਕਦੇ ਹਾਂ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਦਲਜੀਤ ਕੌਰ, ਵਾਤਾਵਰਨ ਇੰਜੀਨੀਅਰ ਪੂਜਾ ਸ਼ਰਮਾ, ਸਹਾਇਕ ਵਾਤਾਵਰਨ ਇੰਜੀਨੀਅਰ ਜਤਿੰਦਰ ਕੁਮਾਰ ਵੀ ਹਾਜ਼ਰ ਸਨ।