ਡਿਪਟੀ ਕਮਿਸ਼ਨਰ ਕੋਮਲ ਮਿਤਲ ਨੇ ਨਾਗਰਿਕਾਂ ਨੂੰ ਆਪਣਾ ਆਧਾਰ ਅੱਪਡੇਟ ਕਰਨ ਦੀ ਅਪੀਲ ਕੀਤੀ


ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਜ਼ਿਲ੍ਹੇ ਦੇ ਆਧਾਰ ਕਾਰਡ ਧਾਰਕਾਂ ਨੂੰ ਪਛਾਣ ਦੇ ਸਬੂਤ ਅਤੇ ਤਾਜ਼ਾ ਪਤੇ ਦੇ ਸਬੂਤਾਂ ਦੇ ਨਾਲ ਸਬੰਧਤ ਦਸਤਾਵੇਜ਼ ਜਮ੍ਹਾਂ ਕਰਵਾ ਕੇ ਆਪਣੇ ਆਧਾਰ ਕਾਰਡ ਦੀ ਮੁੜ ਤਸਦੀਕ ਕਰਵਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਆਧਾਰ ਕਾਰਡ ਨੂੰ ਹੋਰ ਮਜ਼ਬੂਤ ਪਛਾਣ ਦਸਤਾਵੇਜ਼ ਬਣਾਇਆ ਜਾ ਸਕਦਾ ਹੈ, ਜਿਸ ਲਈ ਸਰਕਾਰ ਵੱਲੋਂ ਆਧਾਰ ਕਾਰਡ ਨੂੰ ਅਪਡੇਟ ਕਰਨ ਲਈ ਮੁਹਿੰਮ ਵੀ ਚਲਾਈ ਜਾ ਰਹੀ ਹੈ।
ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਯੂ.ਆਈ.ਡੀ.ਏ.ਆਈ ਨੇ ਆਧਾਰ ਕਾਰਡ ਦੇ ਨਾਲ ਨਵੇਂ ਪਛਾਣ ਪੱਤਰ ਅਪਲੋਡ ਕਰਨ ਦਾ ਬਦਲ ਵੀ ਦਿੱਤਾ ਹੈ। ‘ਮਾਈ ਆਧਾਰ ਪੋਰਟਲ’ ਜਾਂ ਨਜ਼ਦੀਕੀ ਆਧਾਰ ਇਨਰੋਲਮੈਂਟ ਕੇਂਦਰਾਂ ਰਾਹੀਂ ਅਪਲੋਡ ਕੀਤੇ ਜਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਨਾਗਰਿਕਾਂ ਨੇ ਪਿਛਲੇ 8 ਤੋਂ 10 ਸਾਲਾਂ ਦੇ ਵਿੱਚ ਆਪਣੇ ਆਧਾਰ ਕਾਰਡ ਵਿੱਚ ਕੋਈ ਵੀ ਅੱਪਡੇਟ ਨਹੀਂ ਕਰਵਾਇਆ ਜਾਂ ਉਨ੍ਹਾਂ ਦਾ ਪਤਾ ਬਦਲਿਆ ਹੈ, ਉਹ ਅੱਪਡੇਟ ਕਰਵਾਉਣਾ ਯਕੀਨੀ ਬਣਾਉਣ। ਉਨ੍ਹਾਂ ਦੱਸਿਆ ਕਿ ਜੇਕਰ ਨਾਗਰਿਕ ਦੀ ਸੂਚਨਾ ਵਿੱਚ ਕੋਈ ਬਦਲਾਅ ਨਾ ਵੀ ਹੋਵੇ ਤਾਂ ਵੀ ਪਹਿਚਾਣ ਅਤੇ ਪਤੇ ਦੀ ਤਸਦੀਕ ਲਈ ਮੌਜੂਦਾ ਆਧਾਰ ਕਾਰਡ ਪ੍ਰਮਾਣ ਪੱਤਰ ਪ੍ਰਾਪਤ ਕਰਨਾ ਜ਼ਰੂਰੀ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜੇਕਰ ਮੋਬਾਇਲ ਨੰਬਰ ਆਧਾਰ ਕਾਰਡ ਨਾਲ ਰਜਿਸਟਰਡ ਹੈ ਤਾਂ ਆਧਾਰ ਕਾਰਡ ਧਾਰਕ https://myaadhaar.uidai.gov.in ’ਤੇ ਲਾਗਇਨ ਕਰਕੇ ਆਨਲਾਈਨ ਇਸ ਸੇਵਾ ਦਾ ਲਾਭ ਲੈ ਸਕਦਾ ਹੈ। ਉਨ੍ਹਾਂ ਕਿਹਾ ਕਿ ਆਧਾਰ ਕਾਰਡ ਰਾਹੀਂ ਨਾਗਰਿਕਾਂ ਨੂੰ ਕਈ ਸਰਕਾਰੀ ਸੇਵਾਵਾਂ ਅਤੇ ਹੋਰ ਲਾਭ ਮੁਹੱਈਆ ਕਰਵਾਏ ਜਾਂਦੇ ਹਨ, ਇਸ ਲਈ ਇਸ ਨੂੰ ਅੱਪਡੇਟ ਰੱਖਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਸਮੂਹ ਸਰਕਾਰੀ ਵਿਭਾਗਾਂ ਦੇ ਅਧਿਕਾਰੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਕਿਸੇ ਵੀ ਵਿਅਕਤੀ ਦੇ ਆਧਾਰ ਕਾਰਡ ਨੂੰ ਪਛਾਣ ਦੇ ਸਬੂਤ ਵਜੋਂ ਸਵੀਕਾਰ ਕਰਨ ਤੋਂ ਪਹਿਲਾਂ ਤਸਦੀਕ ਕਰਵਾ ਲੈਣ ਕਿਉਂਕਿ ਇਸ ਨਾਲ ਫਰਜ਼ੀ ਫੋਟੋਸ਼ਾਪ ਵਾਲੇ ਆਧਾਰ ਕਾਰਡਾਂ ਦੀ ਪਛਾਣ ਕਰਨ ਵਿੱਚ ਮਦਦ ਮਿਲੇਗੀ। ਇਸ ਤੋਂ ਪਹਿਲਾਂ ਜ਼ਿਲ੍ਹਾ ਨੋਡਲ ਅਫ਼ਸਰ ਯੂ.ਆਈ.ਡੀ.ਆਈ-ਕਮ-ਐਸ.ਡੀ.ਐਮ. ਹੁਸ਼ਿਆਰਪੁਰ ਪ੍ਰੀਤ ਇੰਦਰ ਸਿੰਘ ਬੈਂਸ ਦੀ ਪ੍ਰਧਾਨਗੀ ਵਿੱਚ ਡਿਪਟੀ ਕਮਿਸ਼ਨਰ ਦਫ਼ਤਰ ਹੁਸ਼ਿਆਰਪੁਰ, ਜ਼ਿਲ੍ਹਾ ਪੱਧਰੀ ਆਧਾਰ ਨਿਗਰਾਨ ਕਮੇਟੀ ਸਬੰਧੀ ਐਸ.ਐਸ.ਪੀ, ਸਿਵਲ ਸਰਜਨ ਹੁਸ਼ਿਆਰਪੁਰ, ਜ਼ਿਲ੍ਹਾ ਕੰਟਰੋਲਰ ਖੁਰਾਕ ਸਪਲਾਈ ਅਤੇ ਖਪਤਕਾਰ ਮਾਮਲੇ ਹੁਸ਼ਿਆਰਪੁਰ, ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ ਅਤੇ ਸੈਕੰਡਰੀ) ਹੁਸ਼ਿਆਰਪੁਰ ਵੱਲੋਂ ਜ਼ਿਲ੍ਹਾ ਪ੍ਰੋਗਰਾਮ , ਸੀਨੀਅਰ ਸੁਪਰਡੈਂਟ ਪੋਸਟ ਆਫਿਸ, ਮੈਨੇਜਰ ਲੀਡ ਬੈਂਕ, ਜ਼ਿਲ੍ਹਾ ਆਈ.ਟੀ. ਮੈਨੇਜਰ, ਕਾਰਜਕਾਰੀ ਭਾਰਤੀ ਪੋਸਟ ਪੇਮੈਂਟ ਬੈਂਕ, ਸਹਾਇਕ ਮੈਨੇਜਰ ਯੂ.ਆਈ.ਡੀ.ਏ.ਆਈ ਦੇ ਨਾਲ ਕੀਤੀ ਗਈ  ਤਿਮਾਹੀ ਮੀਟਿੰਗ ਵਿੱਚ ਵੱਖ-ਵੱਖ ਮੁਦਿਆਂ ’ਤੇ ਚਰਚਾ ਕੀਤੀ ਗਈ।

Leave a Reply

Your email address will not be published. Required fields are marked *