ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਅੱਜ ਸਾਂਝੀ ਰਸੋਈ ਦੇ ਨਾਲ ਬਣੇ ਬਾਲਵਾਟਿਕਾ ਡੇਅ ਕੇਅਰ ਸੈਂਟਰ ਦਾ ਦੌਰਾ ਕੀਤਾ। ਉਨ੍ਹਾਂ ਦੱਸਿਆ ਕਿ ਸ਼ਹਿਰ ਵਾਸੀਆਂ ਦੀ ਸਹੂਲਤ ਅਤੇ ਲੋੜ ਨੂੰ ਮੁੱਖ ਰੱਖਦਿਆਂ ਰੈੱਡ ਕਰਾਸ ਸੋਸਾਇਟੀ ਹੁਸਿਆਰਪੁਰ ਵਲੋਂ ਈਸ਼ ਨਗਰ ਹੁਸ਼ਿਆਰਪੁਰ ਵਿਚ ਕਰੈਚ ਸੈਂਟਰ ਚਲਾਇਆ ਜਾ ਰਿਹਾ ਹੈ, ਜੋ ਕਿ ਕੰਮ ਕਰਨ ਵਾਲੇ ਜੋੜਿਆਂ ਲਈ ਬਹੁਤ ਲਾਹੇਵੰਦ ਸਾਬਤ ਹੋਵੇਗਾ। ਉਨ੍ਹਾਂ ਦੱਸਿਆ ਕਿ ਕੰਮਕਾਜੀ ਜੋੜੇ ਆਪਣੇ ਬੱਚਿਆਂ ਨੂੰ ਕਰੈਚ ਸੈਂਟਰ ਵਿੱਚ ਦਾਖਲ ਕਰਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਸ ਕਰੈਚ ਸੈਂਟਰ ਵਿੱਚ 0-6 ਮਹੀਨੇ ਤੋਂ 6 ਸਾਲ ਤੱਕ ਦੇ ਬੱਚਿਆਂ ਨੂੰ ਰੱਖਿਆ ਜਾਂਦਾ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਕਰੈਚ ਸੈਂਟਰ ਵਿੱਚ ਫਰਿੱਜ, ਐਲ.ਈ.ਡੀ., ਝੂਲੇ, ਬੱਚਿਆਂ ਦੇ ਖੇਡਣ ਲਈ ਪਾਰਕ ਦਾ ਵਿਸ਼ੇਸ਼ ਪ੍ਰਬੰਧ ਹੈ, ਇਸ ਤੋਂ ਇਲਾਵਾ ਸੈਂਟਰ ਵਿੱਚ ਟ੍ਰੇਨਡ ਸਟਾਫ ਵੀ ਮੌਜੂਦ ਹੈ। ਉਨ੍ਹਾਂ ਦੱਸਿਆ ਕਿ ਬਾਲਵਾਟਿਕਾ ਵਿੱਚ ਬੱਚੇ ਲਈ ਭੋਜਨ ਅਤੇ ਦੁੱਧ ਗਰਮ ਕਰਨ ਦੀ ਸਹੂਲਤ ਦੇ ਨਾਲ-ਨਾਲ ਪੀਣ ਵਾਲੇ ਸਾਫ਼ ਪਾਣੀ ਅਤੇ ਏਅਰ ਕੰਡੀਸ਼ਨਡ ਕਮਰੇ ਦਾ ਵੀ ਪ੍ਰਬੰਧ ਹੈ। ਇਸ ਤੋਂ ਇਲਾਵਾ ਬੱਚਿਆਂ ਦੇ ਸੌਣ ਲਈ ਬੈੱਡਾਂ ਦਾ ਵੀ ਵਿਸ਼ੇਸ਼ ਪ੍ਰਬੰਧ ਹੈ ਤਾਂ ਜੋ ਬੱਚਿਆਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਦੱਸਿਆ ਕਿ ਬੱਚਿਆਂ ਦੀ ਦੇਖ-ਭਾਲ ਲਈ ਇੱਥੇ ਇੱਕ ਤਜ਼ਰਬੇਕਾਰ ਸਟਾਫ਼ ਮੌਜੂਦ ਹੈ, ਜੋ ਸਕੂਲੀ ਬੱਸਾਂ ਵਿੱਚ ਬੱਚੇ ਨੂੰ ਚੁੱਕਣ ਅਤੇ ਬਾਲਵਾਟਿਕਾ ਤੱਕ ਪਹੁੰਚਾਉਣ ਦੀ ਸਹੂਲਤ ਵੀ ਪ੍ਰਦਾਨ ਕਰਦਾ ਹੈ। ਇਸ ਤੋਂ ਇਲਾਵਾ ਹਰ ਮਹੀਨੇ ਬੱਚਿਆਂ ਦੀ ਸਿਹਤ ਜਾਂਚ ਵੀ ਕੀਤੀ ਜਾਂਦੀ ਹੈ। ਇਸ ਮੌਕੇ ਸਹਾਇਕ ਕਮਿਸ਼ਨਰ (ਜਨਰਲ) ਵਿਓਮ ਭਾਰਦਵਾਜ, ਲੇਖਾਕਾਰ ਸਰਬਜੀਤ, ਇੰਚਾਰਜ ਬਾਲ ਵਾਟਿਕਾ ਕਰੈਚ ਸੈਂਟਰ ਸੁਨੀਤਾ ਦੇਵੀ ਅਤੇ ਸਟਾਫ਼ ਹਾਜ਼ਰ ਸੀ।