ਫਾਰਮਜ਼ ਪ੍ਰੋਡਿਊਸ ਪ੍ਰੋਮੋਸ਼ਨ ਸੁਸਾਇਟੀ (ਫੈਪਰੋ) ਵਿਖੇ ਹਲਦੀ ਦੀ ਫ਼ਸਲ ਦੇ ਬੀਜ ਦੀ ਉਪਲਬੱਧਤਾ ਸਬੰਧੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਲਾਕ ਭੂੰਗਾ ਦੇ ਪਿੰਡ ਘੁਗਿਆਲ ਵਿਖੇ ਕਿਸਾਨਾਂ ਵਲੋਂ ਇੱਕਠੇ ਹੋ ਕੇ ਸਵੈ-ਮੰਡੀਕਰਨ ਨੂੰ ਉਤਸ਼ਾਹਿਤ ਕਰਨ ਲਈ ਬਣਾਈ ਗਈ ਫੈਪਰੋ ਸੰਸਥਾ ਵਿਖੇ ਹਲਦੀ ਦੀ ਫ਼ਸਲ ਦਾ ਬੀਜ ਉਪਲਬੱਧ ਹੈ। ਇਹ ਬੀਜ ਫੈਪਰੋ ਸੰਸਥਾ ਵਲੋਂ 30 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਹਿਸਾਬ ਨਾਲ ਕਿਸਾਨਾਂ ਨੂੰ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਹਲਦੀ ਦੀ ਫ਼ਸਲ ਦੀ ਕਾਸ਼ਤ ਦੇ ਚਾਹਵਾਨ ਕਿਸਾਨ ਇਹ ਬੀਜ ਫੈਪਰੋ ਤੋਂ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਹਲਦੀ ਦੀ ਫ਼ਸਲ ਦੀ ਕਾਸ਼ਤ ਨਾਲ ਜਿਥੇ ਜ਼ਿਲ੍ਹੇ ਵਿੱਚ ਫ਼ਸਲੀ ਵਿਭਿੰਨਤਾ ਨੂੰ ਹੁਲਾਰਾ ਮਿਲਦਾ ਹੈ, ਉਥੇ ਨਾਲ ਹੀ ਇਹ ਐਗਰੋਫੋਰੈਸਟਰੀ ਅਧੀਨ ਕਾਸ਼ਤ ਕਰਨ ਲਈ ਇਕ ਢੁੱਕਵੀਂ ਫ਼ਸਲ ਹੈ।