ਚੀਫ਼ ਜਸਟਿਸ ਵਲੋਂ ਹੁਸ਼ਿਆਰਪੁਰ ਦੇ ਨਵੇਂ ਅਤਿ-ਆਧੁਨਿਕ ਜ਼ਿਲ੍ਹਾ ਤੇ ਸੈਸ਼ਨ ਕੋਰਟ ਕੰੰਪਲੈਕਸ ਦਾ ਉਦਘਾਟਨ


ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਚੀਫ਼ ਜਸਟਿਸ ਸ਼੍ਰੀ ਰਵੀ ਸ਼ੰਕਰ ਝਾਅ ਨੇ ਅੱਜ ਹੁਸ਼ਿਆਰਪੁਰ ਦੇ ਨਵੇਂ ਬਣੇ ਆਲੀਸ਼ਾਨ ਬਹੁ-ਮੰਜ਼ਿਲੇ ਜ਼ਿਲ੍ਹਾ ਤੇ ਸੈਸ਼ਨ ਕੋਰਟ ਕੰੰਪਲੈਕਸ ਦਾ ਉਦਘਾਟਨ ਸੈਸ਼ਨ ਡਵੀਜ਼ਨ ਹੁਸ਼ਿਆਰਪੁਰ ਦੇ ਪ੍ਰਸ਼ਾਸਕੀ ਜੱਜ ਜਸਟਿਸ ਅਰੁਨ ਪੱਲੀ ਦੀ ਮੌਜੂਦਗੀ ਵਿਚ ਕੀਤਾ। ਇਸ ਮੌਕੇ ਜ਼ਿਲ੍ਹਾ ਤੇ ਸੈਸ਼ਨ ਜੱਜ ਹੁਸ਼ਿਆਰਪੁਰ ਦਿਲਬਾਗ ਸਿੰਘ ਜੌਹਲ, ਡਿਪਟੀ ਕਮਿਸ਼ਨਰ ਕੋਮਲ ਮਿੱਤਲ, ਐਸ.ਐਸ.ਪੀ ਸਰਤਾਜ ਸਿੰਘ ਚਾਹਲ, ਬਾਰ ਕੌਂਸਲ ਦੇ ਪ੍ਰਧਾਨ ਆਰ.ਪੀ. ਧੀਰ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ।
  ਇਸ ਮੌਕੇ ਕਰਵਾਏ ਇਕ ਪ੍ਰਭਾਵਸ਼ਾਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਚੀਫ਼ ਜਸਟਿਸ ਸ਼੍ਰੀ ਰਵੀ ਸ਼ੰਕਰ ਝਾਅ ਨੇ ਕਿਹਾ ਕਿ ਹੁਸ਼ਿਆਰਪੁਰ ਦੇ ਇਸ ਆਲੀਸ਼ਾਨ ਜ਼ਿਲ੍ਹਾ ਤੇ ਸੈਸ਼ਨ ਕੋਰਟ ਕੰੰਪਲੈਕਸ ਨਾਲ ਜਿਥੇ ਲੋਕਾਂ ਨੂੰ ਨਿਆਂ ਮਿਲਣ ਦੇ ਕੰਮ ਵਿਚ ਤੇਜ਼ੀ ਆਵੇਗੀ ਉਥੇ ਪੈਂਡਿੰਗ ਕੇਸਾਂ ਦਾ ਜਲਦ ਨਿਪਟਾਰਾ ਸੰਭਵ ਹੋਵੇਗਾ ਅਤੇ ਜੁਡੀਸ਼ੀਅਲ ਅਧਿਕਾਰੀ ਹੋਰ ਨਵੀਂ ਊਰਜਾ ਨਾਲ ਕਾਰਜ ਕਰਨਗੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਅਦਾਲਤਾਂ ਦਾ ਮਹੱਤਵ ਹਾਈ ਕੋਰਟ ਅਤੇ ਸੁਪਰੀਮ ਕੋਰਟ ਤੋਂ ਵੀ ਜ਼ਿਆਦਾ ਹੈ। ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਵਿਚ ਬਣਿਆ ਇਹ ਸ਼ਾਨਦਾਰ ਜ਼ਿਲ੍ਹਾ ਤੇ ਸੈਸ਼ਨ ਕੋਰਟ ਕੰਪਲੈਕਸ ਨਾ ਕੇਵਲ ਸਰਕਾਰ ਲਈ ਮਾਣ ਵਾਲੀ ਗੱਲ ਹੈ, ਬਲਕਿ ਇਸ ਨਾਲ ਜ਼ਿਲ੍ਹਾ ਪ੍ਰਸ਼ਾਸਨ ਅਤੇ ਹੁਸ਼ਿਆਰਪੁਰ ਦੇ ਲੋਕਾਂ ਦਾ ਵੀ ਸਨਮਾਨ ਵਧਿਆ ਹੈ।  
ਸੈਸ਼ਨ ਡਵੀਜ਼ਨ ਹੁਸ਼ਿਆਰਪੁਰ ਦੇ ਪ੍ਰਸ਼ਾਸਕੀ ਜੱਜ ਜਸਟਿਸ ਅਰੁਨ ਪੱਲੀ ਨੇ ਹੁਸ਼ਿਆਰਪੁਰ ਵਾਸੀਆਂ ਨੂੰ ਮਿਲੇ ਇਸ ਤੋਹਫੇ  ਦੀ ਵਧਾਈ ਦਿੰਦਿਆਂ ਕਿਹਾ ਕਿ ਇਹ ਕੰਪਲੈਕਸ ਪੰਜਾਬ ਦਾ ਆਪਣੀ ਤਰ੍ਹਾਂ ਦਾ ਪਹਿਲਾ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਜੁਡੀਸ਼ੀਅਲ ਕੰਪਲੈਕਸ ਹੈ। ਉਨ੍ਹਾਂ ਇਸ ਕੰਪਲੈਕਸ ਦੀ ਉਸਾਰੀ ਵਿਚ ਯੋਗਦਾਨ ਪਾਉਣ ਵਾਲਿਆਂ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਸ ਨਾਲ ਹੁਸ਼ਿਆਰਪੁਰ ਦਾ ਚਿਰਾਂ ਦਾ ਸੁਪਨਾ ਸਾਕਾਰ ਹੋਇਆ ਹੈ। ਇਸ ਦੌਰਾਨ ਚੀਫ਼ ਜਸਟਿਸ ਸ਼੍ਰੀ ਰਵੀ ਸ਼ੰਕਰ ਝਾਅ ਅਤੇ ਜਸਟਿਸ ਅਰੁਨ ਪੱਲੀ ਨੇ ਹੋਰਨਾਂ ਜੁਡੀਸ਼ੀਅਲ ਅਧਿਕਾਰੀਆਂ ਨਾਲ ਕੰਪਲੈਕਸ ਵਿਚ ਸਥਿਤ ਵੱਖ-ਵੱਖ ਕੋਰਟ ਰੂਮਾਂ ਅਤੇ ਸਮੁੱਚੀ ਇਮਾਰਤ ਦਾ ਦੌਰਾ ਵੀ ਕੀਤਾ। ਇਸ ਦੌਰਾਨ ਉਨ੍ਹਾਂ ਕੋਰਟ ਕੰਪਲੈਕਸ ਵਿਖੇ ਪੌਦਾ ਵੀ ਲਗਾਇਆ।  
ਜ਼ਿਲ੍ਹਾ ਤੇ ਸੈਸ਼ਨ ਜੱਜ ਦਿਲਬਾਗ ਸਿੰਘ ਜੌਹਲ ਨੇ ਚੀਫ਼ ਜਸਟਿਸ ਸ਼੍ਰੀ ਰਵੀ ਸ਼ੰਕਰ ਝਾਅ ਅਤੇ ਜਸਟਿਸ ਅਰੁਨ ਪੱਲੀ ਨੂੰ ਜੀ ਆਇਆਂ ਆਖਦਿਆਂ ਦੱਸਿਆ ਕਿ 60.28 ਕਰੋੜ ਰੁਪਏ ਦੀ ਲਾਗਤ ਨਾਲ 14 ਏਕੜ 10 ਮਰਲੇ ਰਕਬੇ ਵਿਚ ਬਣੇ 6 ਲਿਫਟਾਂ ਵਾਲੇ ਇਸ ਪੰਜ ਮੰਜ਼ਿਲਾ ਕੋਰਟ ਕੰਪਲੈਕਸ ਦੀ ਉਸਾਰੀ ਦਾ ਕੰਮ 2018 ਵਿਚ ਸ਼ੁਰੂ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਇਸ ਕੰਪਲੈਕਸ ਦਾ ਕਵਰਡ ਏਰੀਆ 389,721 ਵਰਗ ਫੁੱਟ ਹੈ। ਉਨ੍ਹਾਂ ਦੱਸਿਆ ਕਿ ਇਸ ਵਿਚ 17 ਕੋਰਟ ਰੂਮ, ਇਕ ਬੱਚਿਆਂ ਦਾ ਕੋਰਟ ਰੂਮ ਅਤੇ ਇਕ ਏ.ਡੀ.ਆਰ ਸੈਂਟਰ, ਜੁਡੀਸ਼ੀਅਲ ਸਰਵਿਸਜ਼ ਸੈਂਟਰ ਅਤੇ ਐਡਵੋਕੇਟਾਂ ਲਈ ਬਾਰ ਰੂਮ ਅਤੇ ਲਾਇਬ੍ਰੇਰੀ ਦਾ ਪ੍ਰਬੰਧ ਹੈ। ਉਨ੍ਹਾਂ ਦੱਸਿਆ ਕਿ ਇਸ ਵਿਚ ਬੇਸਮੈਂਟ, ਪਾਰਕਿੰਗ ਤੋਂ ਇਲਾਵਾ 1,65,000 ਵਰਗ ਫੁੱਟ ਏਰੀਏ ਵਿਚ ਖੁੱਲ੍ਹੀ ਪਾਰਕਿੰਗ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਇਸੇ ਤਰ੍ਹਾਂ ਇਥੇ ਡਾਕਘਰ, ਬੈਂਕ, ਏ.ਟੀ.ਐਮ, ਕੰਟੀਨ ਅਤੇ ਕਰੈਚ ਦਾ ਵੀ ਪ੍ਰਾਵਧਾਨ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਇਥੇ ਸੀ.ਸੀ.ਟੀ.ਵੀ ਕੈਮਰੇ, ਡਾਟਾ ਨੈਟਵਰਕਿੰਗ, ਇੰਟਰਨਲ ਇੰਟਰਕਾਮ ਸੇਵਾਵਾਂ ਅਤੇ ਹੋਰ ਬਹੁਤ ਸਾਰੀਆਂ ਅਤਿ-ਆਧੁਨਿਕ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ, ਤਾਂ ਜੋ ਇਥੇ ਨਿਆਂ ਲੈਣ ਲਈ ਆਉਣ ਵਾਲੇ ਲੋਕਾਂ ਨੂੰ ਕਿਸੇ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਨਿਰਵਿਘਨ ਬਿਜਲੀ ਸਪਲਾਈ ਲਈ ਇਥੇ 200 ਕੇ.ਵੀ.ਏ/160 ਕਿਲੋਵਾਟ ਸਮਰੱਥਾ ਦੇ ਦੋ ਜਨਰੇਟਰ ਸੈੱਟਾਂ ਦਾ ਵੀ ਇੰਤਜ਼ਾਮ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਕੰਪਲੈਕਸ ਵਿਚ ਵਕੀਲਾਂ ਲਈ ਵੀ ਆਰਾਮਦਾਇਕ ਅਤੇ ਵਧੀਆ ਮਾਹੌਲ ਮੁਹੱਈਆ ਕਰਵਾਇਆ ਗਿਆ ਹੈ। ਇਸੇ ਤਰ੍ਹਾਂ ਇਥੇ ਪੌਦੇ ਲਗਾਉਣ ਲਈ ਵੀ ਢੁਕਵੀਂ ਜਗ੍ਹਾ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜੱਜਾਂ ਲਈ ਵੀ ਇਥੇ 9 ਰੈਜ਼ੀਡੈਂਸ਼ੀਅਲ ਹਾਊਸ ਅਤੇ 9 ਫਲੈਟ ਉਸਾਰੀ ਅਧੀਨ ਹਨ। ਇਸ ਮੌਕੇ ਵੱਖ-ਵੱਖ ਜੱਜ ਸਾਹਿਬਾਨ, ਜੁਡੀਸ਼ੀਅਲ ਅਧਿਕਾਰੀ, ਬਾਰ ਕੌਂਸਲ ਦੇ ਮੈਂਬਰ ਅਤੇ ਹੋਰ ਸ਼ਖਸੀਅਤਾਂ ਵੱਡੀ ਗਿਣਤੀ ਵਿਚ ਹਾਜ਼ਰ ਸਨ।

Leave a Reply

Your email address will not be published. Required fields are marked *